ਸੁਨਾਮ ਊਧਮ ਸਿੰਘ ਵਾਲਾ-ਦੋ ਸਾਲਾ ਫ਼ਤਿਹਵੀਰ ਨੂੰ 120 ਫੁੱਟ ਬੋਰ ਵਿੱਚ ਫਸਿਆਂ ਅੱਜ ਚੌਥਾ ਦਿਨ ਹੈ। ਰਾਹਤ ਕਾਰਜਾਂ ਵਿੱਚ ਲੱਗੀ ਟੀਮ ਕਰੀਬ 75 ਘੰਟੇ ਬੀਤਣ ਮਗਰੋਂ ਵੀ ਬਾਲ ਤਕ ਰਸਾਈ ਬਣਾਉਣ ਵਿੱਚ ਨਾਕਾਮ ਰਹੀ ਹੈ। ਜਿਸ ਬੋਰ ਵਿੱਚ ਫਤਿਹਵੀਰ ਫਸਿਆ ਹੋਇਆ ਹੈ, ਉਸ ਦੇ ਨਾਲ ਹੀ ਇੱਕ ਹੋਰ 36 ਇੰਚੀ ਬੋਰ ਕੀਤਾ ਜਾ ਰਿਹਾ ਹੈ। ਅੱਜ ਸ਼ਾਮ ਪੰਜ ਕੁ ਵਜੇ ਐੱਨਡੀਆਰਐੱਫ਼ ਟੀਮ ਦਾ ਇੱਕ ਮੈਂਬਰ 36 ਇੰਚੀ ਬੋਰ ਰਾਹੀਂ ਹੇਠਾਂ ਉਤਾਰਿਆ ਗਿਆ ਸੀ ਤਾਂ ਜੋ ਉਹ ਉਸ ਬੋਰ ਦੇ ਸਮਾਨਾਂਤਰ, ਜਿਸ ਵਿੱਚ ਬੱਚਾ ਫਸਿਆ ਹੈ, ਪਾਈਪ ਨੂੰ ਕੱਟ ਲਾ ਕੇ ਸੁਰੰਗੀ ਰਸਤਾ ਬਣਾ ਸਕੇ ਪਰ ਕੋਈ ਤਕਨੀਕੀ ਨੁਕਸ ਆਉਣ ਕਾਰਨ ਬਚਾਅ ਕਾਰਜਾਂ ਦੀ ਰਫ਼ਤਾਰ ਮੱਠੀ ਪੈ ਗਈ।
ਸਮੁੱਚਾ ਪ੍ਰਸ਼ਾਸਨ ਹਾਲਾਂਕਿ ਪਿਛਲੇ 72 ਘੰਟਿਆਂ ਤੋਂ ਮੌਕੇ ’ਤੇ ਮੌਜੂਦ ਰਹਿ ਕੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਿਹਾ ਹੈ, ਪਰ ਘਟਨਾ ਸਥਾਨ ’ਤੇ ਤਕਨੀਕੀ ਸੰਦਾਂ ਦੀ ਕਮੀ ਕਾਰਨ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਉੱਤੇ ਪ੍ਰਸ਼ਨ ਚਿੰਨ੍ਹ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਤ ’ਤੇ ਕਰੋੜਾਂ ਰੁਪਏ ਖਰਚ ਕੇ ਵੱਡੇ ਦਮਗਜ਼ੇ ਮਾਰੇ ਜਾ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਗਮਾਂ ’ਤੇ ਕਥਿਤ ਲੱਖਾਂ ਰੁਪਏ ਖਰਚੇ ਜਾ ਰਹੇ ਹਨ, ਪਰ ਐਮਰਜੈਂਸੀ ਸਮੱਸਿਆਵਾਂ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਹਨ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਬੱਚੇ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਆਂਦਾ ਜਾਵੇਗਾ। ਉਸ ਲਈ ਮੈਡੀਕਲ ਸਹੂਲਤਾਂ ਵਾਲੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਕੈਬਨਿਟ ਮੰਤਰੀ ਨੇ ਲੰਘੇ ਦਿਨ ਏਅਰ ਐਂਬੂਲੈਂਸ ਦੇ ਪ੍ਰਬੰਧ ਦੀ ਵੀ ਗੱਲ ਕੀਤੀ ਸੀ, ਪਰ ਮੌਕੇ ’ਤੇ ਆਮ ਐਂਬੂਲੈਂਸ ਦਾ ਹੀ ਪ੍ਰਬੰਧ ਕੀਤਾ ਗਿਆ ਹੈ। ਸਮੁੱਚੇ ਅਪਰੇਸ਼ਨ ਵਿੱਚ ਡੇਰਾ ਸਿਰਸਾ ਦੀ ਗਰੀਨ ਐੱਸ ਵੈਲਫ਼ੇਅਰ ਫ਼ੋਰਸ ਦੇ ਯਤਨਾਂ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਡੀਸੀ ਘਨਸ਼ਾਮ ਥੋਰੀ, ਐਸਐਸਪੀ ਸੰਦੀਪ ਗਰਗ, ਐੱਸਡੀਐੱਮ ਮਨਜੀਤ ਕੌਰ, ਡੀਐੱਸਪੀ ਹਰਦੀਪ ਸਿੰਘ ਅਤੇ ਤਹਿਸੀਲਦਾਰ ਗੁਰਲੀਨ ਕੌਰ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here