ਚੇਤਨਪੁਰਾ-ਸਰਹੱਦੀ ਹਲਕਾ ਅਜਨਾਲਾ ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤੇੜਾ ਖੁਰਦ ’ਚ 16 ਜੂਨ ਦੀ ਰਾਤ ਨੂੰ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਸ਼ੱਕੀ ਹਾਲਾਤ ਵਿੱਚ ਗੁੰਮ ਹੋਣ ਦੇ ਮਾਮਲੇ ਦਾ ਪੁਲੀਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਪੁਲੀਸ ਮੁਤਾਬਕ ਘਰ ਦੇ ਮੁਖੀ ਹਰਵੰਤ ਸਿੰਘ ਉਰਫ਼ ਕਾਲਾ ਨੇ ਆਪਣੇ ਭਣੇਵੇਂ ਕੁਲਦੀਪ ਸਿੰਘ ਵਾਸੀ ਕਾਮਲਪੁਰਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਪਰਿਵਾਰ ਦੇ ਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਲਾਸ਼ਾਂ ਖੁਰਦ-ਬੁਰਦ ਕਰਨ ਲਈ ਉਨ੍ਹਾਂ ਨੂੰ ਨਹਿਰ ’ਚ ਸੁੱਟ ਦਿੱਤਾ ਸੀ। ਐਸਪੀ (ਡੀ) ਹਰਭਾਲ ਸਿੰਘ ਨੇ ਅੱਜ ਦੱਸਿਆ ਕਿ ਹਰਵੰਤ ਸਿੰਘ ਮਾੜੇ ਚਾਲ-ਚਲਣ ਵਾਲਾ ਵਿਅਕਤੀ ਸੀ ਅਤੇ ਉਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ ਜਦੋਂਕਿ ਪਰਿਵਾਰ ਉਸ ਨੂੰ ਮਾੜੇ ਕੰਮਾਂ ਤੋਂ ਵਰਜਦਾ ਸੀ। ਉਨ੍ਹਾਂ ਦੱਸਿਆ ਕਿ ਹਰਵੰਤ ਸਿੰਘ ਨੇ ਪਰਿਵਾਰ ਨੂੰ ਆਪਣੇ ਰਾਹ ’ਚ ਰੋੜਾ ਬਣਦਿਆਂ ਦੇਖ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਲਾਸ਼ਾਂ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਲਾਹੌਰ ਬ੍ਰਾਂਚ ਨਹਿਰ ਜਗਦੇਵ ਕਲਾਂ ਵਿਖੇ ਸੁੱਟ ਦਿੱਤਾ। ਪੁਲੀਸ ਨੇ ਅੱਜ ਨਹਿਰ ਵਿੱਚੋਂ ਬੀਐਸਐਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਹਰਵੰਤ ਦੇ ਲੜਕੇ ਲਵਰੂਪ ਸਿੰਘ ਦੀ ਲਾਸ਼ ਸੈਂਸਰਾ ਕਲਾਂ ਨੇੜਿਉਂ ਤੇ ਧੀ ਸ਼ਰਨਜੀਤ ਕੌਰ ਤੇ ਲੜਕੇ ਉਂਕਾਰ ਸਿੰਘ ਦੀਆਂ ਲਾਸ਼ਾਂ ਰਾਣੇਵਾਲੀ ਨੇੜਿਉਂ ਬੋਰੀਆਂ ਵਿੱਚ ਬੰਨ੍ਹੀਆਂ ਹੋਈਆਂ ਬਰਾਮਦ ਕੀਤੀਆਂ। ਉਸ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਕੱਲ ਮਿਲ ਗਈ ਸੀ। ਡਿਊਟੀ ਮੈਜਿਸਟ੍ਰੇਟ ਹਰਫੂਲ ਸਿੰਘ ਦੀ ਹਾਜ਼ਰੀ ਵਿੱਚ ਲਾਸ਼ਾਂ ਨੂੰ ਬਾਹਰ ਕਢਵਾ ਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here