ਅੰਮ੍ਰਿਤਸਰ (ਸਫਰ) : ਪਾਸ਼ ਇਲਾਕੇ ਰਣਜੀਤ ਐਵੀਨਿਊ ‘ਚ ਦੇਰ ਰਾਤ ਚੱਲਣ ਵਾਲੇ ਪੱਬ, ਬੀਅਰ ਬਾਰ ਅਤੇ ਰੈਸਟੋਰੈਂਟਾਂ ਦੀ ਸੁਰੱਖਿਆ ਰੱਬ ਭਰੋਸੇ ਹੀ ਹੈ। ਆਏ ਦਿਨ ਜਿਥੇ ਜਾਮ ਨਾਲ ਜਾਮ ਟਕਰਾਉਣ ਵਾਲੇ ਸੜਕਾਂ ‘ਤੇ ਮਹਿਫਲ ਸਜਾਉਂਦੇ ਹਨ, ਉਥੇ ਹੀ ਦੇਰ ਰਾਤ ਚੱਲਣ ਵਾਲੀਆਂ ਮਹਿਫਲਾਂ ‘ਚ ਕੁੱਟ-ਮਾਰ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਬੀਤੀ ਰਾਤ ਦਾ ਮਾਮਲਾ ਹੈ। ਰਣਜੀਤ ਐਵੀਨਿਊ ਥਾਣੇ ਨੇੜੇ ਯੂਰਪੀਅਨ ਨਾਈਟ ‘ਚ ਬਿੱਲ ਨੂੰ ਲੈ ਕੇ ਕਿਹਾ-ਸੁਣੀ ਹੋਈ ਅਤੇ ਮਾਮਲਾ ਕੁੱਟ-ਮਾਰ ‘ਚ ਬਦਲ ਗਿਆ। ਯੂਰਪੀਅਨ ਨਾਈਟ ‘ਚ ਤਾਇਨਾਤ ਬਾਊਂਸਰ ਮਨਦੀਪ ਸਿੰਘ ਅਤੇ ਗਗਨ ਸਿੰਘ ਨੇ ਆਪਣੇ 6-7 ਸਾਥੀਆਂ ਨਾਲ ਮਿਲ ਕੇ ਨੌਨੇਗਾਂਵ ਵਾਸੀ ਅਵਤਾਰ ਸਿੰਘ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋਏ ਅਵਤਾਰ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਇਕਬਾਲ ਸਿੰਘ ਕਹਿੰਦੇ ਹਨ ਕਿ ਅਵਤਾਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਯੂਰਪੀਅਨ ਨਾਈਟ ਤੋਂ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਮੰਗੀ ਗਈ ਸੀ ਪਰ ਅਜੇ ਤੱਕ ਉਨ੍ਹਾਂ ਨੇ ਦਿੱਤੀ ਨਹੀਂ। ਸਵੇਰੇ ਇਸ ਮਾਮਲੇ ‘ਚ ਜਾਂਚ ਲਈ ਅਵਤਾਰ ਸਿੰਘ ਦੇ ਉਨ੍ਹਾਂ ਸਾਥੀਆਂ ਨੂੰ ਬੁਲਾਇਆ ਗਿਆ ਹੈ, ਜੋ ਕੁੱਟ-ਮਾਰ ਤੋਂ ਪਹਿਲਾਂ ਆਪਣੇ ਘਰਾਂ ਨੂੰ ਜਾ ਚੁੱਕੇ ਸਨ। ਇਹ ਘਟਨਾ ਰਾਤ 11 ਵਜੇ ਦੇ ਆਸ-ਪਾਸ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਰਣਜੀਤ ਐਵੀਨਿਊ ਦੀ ਮਾਰਕੀਟ ਦੇ ਸ਼ਟਰ ਬੰਦ ਹੋ ਗਏ।
ਥਾਣਾ ਰਣਜੀਤ ਐਵੀਨਿਊ ਦੇ ਐੱਸ. ਐੱਚ. ਓ. ਰਾਜਿੰਦਰ ਸਿੰਘ ਕਹਿੰਦੇ ਹਨ ਕਿ ਹੁਣ ਤੱਕ ਦੀ ਜਾਂਚ-ਪੜਤਾਲ ‘ਚ ਇਹ ਗੱਲ ਸਾਹਮਣੇ ਆਈ ਕਿ ਅਵਤਾਰ ਸਿੰਘ ਆਪਣੇ 5-6 ਸਾਥੀਆਂ ਨਾਲ ਆਇਆ ਸੀ, ਉਸ ਨੇ ਪਾਰਟੀ ਦਿੱਤੀ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਬਾਕੀ ਸਭ ਦੋਸਤ ਚਲੇ ਗਏ ਅਤੇ ਅਖੀਰ ‘ਚ ਅਵਤਾਰ ਸਿੰਘ ਨੇ ਕ੍ਰੈਡਿਟ ਕਾਰਡ ਤੋਂ ਸਾਰਾ ਬਿੱਲ ਭੁਗਤਾਨ ਕਰ ਦਿੱਤਾ ਸੀ। ਜਦੋਂ ਉਹ ਬਾਹਰ ਨਿਕਲ ਰਿਹਾ ਸੀ ਤਾਂ ਗੇਟ ‘ਤੇ ਤਾਇਨਾਤ ਬਾਊਂਸਰ ਨੇ ਉਸ ਨੂੰ ਬਿੱਲ ਦੇ ਕੇ ਜਾਣ ਦੀ ਗੱਲ ਕਹੀ ਤਾਂ ਅਵਤਾਰ ਸਿੰਘ ਨੇ ਕਿਹਾ ਕਿ ਉਹ ਪੇਮੈਂਟ ਕਰ ਚੁੱਕਾ ਹੈ। ਇਸ ਗੱਲ ਨੂੰ ਲੈ ਕੇ ਬਾਊਂਸਰ ਅਤੇ ਅਵਤਾਰ ਸਿੰਘ ‘ਚ ਪਹਿਲਾਂ ਕਿਹਾ-ਸੁਣੀ ਹੋਈ ਅਤੇ ਉਦੋਂ ਬਾਊਂਸਰਾਂ ਨੇ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ। ਫਿਲਮੀ ਸਟਾਈਲ ‘ਚ ਅਵਤਾਰ ਸਿੰਘ ਨੂੰ ਬੁਰੀ ਤਰ੍ਹਾਂ ਸੜਕ ‘ਤੇ ਕੁੱਟਿਆ ਗਿਆ, ਜਿਸ ਕਾਰਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here