ਫ਼ਰੀਦਕੋਟ-ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਇੱਥੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਕਾਰਨ 10 ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਜੋ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ, ਦੇ ਡਾਕਟਰ ਅੱਜ ਹੜਤਾਲ ’ਤੇ ਸਨ ਅਤੇ ਇਸ ਦਾ ਖਮਿਆਜ਼ਾ ਸਰਕਾਰ ਨਾਲੋਂ ਮਰੀਜ਼ਾਂ ਨੂੰ ਜ਼ਿਆਦਾ ਭੁਗਤਣਾ ਪਿਆ। ਹਾਲਾਂਕਿ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਵਿੱਚ ਕੋਈ ਵੱਡਾ ਵਿਘਨ ਨਹੀਂ ਪਿਆ ਪ੍ਰੰਤੂ ਫਿਰ ਵੀ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੋਈ ਵੀ ਡਾਕਟਰ ਡਿਊਟੀ ‘ਤੇ ਨਹੀਂ ਗਿਆ।
ਸੂਚਨਾ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ 600 ਡਾਕਟਰ ਹੜਤਾਲ ‘ਤੇ ਸਨ। ਇਹ ਡਾਕਟਰ ਪੱਛਮੀ ਬੰਗਾਲ ਵਿੱਚ ਸਰਕਾਰੀ ਡਾਕਟਰਾਂ ਉੱਪਰ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਭਵਿੱਖ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਸਬੰਧੀ ਹੜਤਾਲ ‘ਤੇ ਗਏ ਸਨ। ਡਾਕਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਸੌਂਪਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਦੇ ਮਰੀਜ਼ਾਂ ਨੂੰ ਵੀ ਹੜਤਾਲ ਦਾ ਖਮਿਆਜਾ ਭੁਗਤਣਾ ਪਿਆ। ਅੱਜ ਕੈਂਸਰ ਵਿਭਾਗ ਦੀ ਓ.ਪੀ.ਡੀ. ਨਹੀਂ ਖੁੱਲ੍ਹੀ। ਜਿਸ ਕਰਕੇ ਬਾਹਰਲੇ ਜ਼ਿਲਿਆਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਅੱਜ ਇੱਥੇ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਮਿਲ ਸਕੀ। ਹਾਲਾਂਕਿ ਨਿੱਜੀ ਹਸਪਤਾਲਾਂ ਦੇ ਡਾਕਟਰ ਦੋ ਘੰਟੇ ਦੀ ਹੜਤਾਲ ਤੋਂ ਬਾਅਦ ਆਪਣੀਆਂ ਸੇਵਾਵਾਂ ’ਤੇ ਵਾਪਸ ਆ ਗਏ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਡਾਕਟਰੀ ਸਹਾਇਤਾ ਪੱਛੜ ਕੇ ਮਿਲੀ। ਸੂਤਰਾਂ ਨੇ ਕਿਹਾ ਕਿ ਹੜਤਾਲ ਕਾਰਨ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਹੋਣਾ ਪਿਆ ਅਤੇ ਸਾਰੇ ਹੀ ਡਾਕਟਰ ਹਸਪਤਾਲ ਖੁੱਲ੍ਹਣ ਸਾਰ ਹੜਤਾਲ ‘ਤੇ ਚਲੇ ਗਏ ਅਤੇ 1 ਵਜੇ ਤੱਕ ਕੰਮ ‘ਤੇ ਵਾਪਸ ਨਹੀਂ ਪਰਤੇ।

LEAVE A REPLY

Please enter your comment!
Please enter your name here