ਸੁਨਾਮ ਊਧਮ ਸਿੰਘ ਵਾਲਾ-ਸਰਕਾਰ ਤੇ ਪ੍ਰਸ਼ਾਸਨ ਵੱਲੋਂ 109 ਘੰਟੇ ਵੱਖ-ਵੱਖ ‘ਜੁਗਾੜ’ ਕਰ ਕੇ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਬੋਰਵੈੱਲ ਵਿਚੋਂ ਬਾਹਰ ਕੱਢਿਆ ਫ਼ਤਹਿਵੀਰ ਅਖ਼ੀਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਅੱਜ ਸੁਵੱਖਤੇ ਕਰੀਬ ਸਵਾ ਪੰਜ ਵਜੇ ਐਨਡੀਆਰਐੱਫ ਵੱਲੋਂ ਦੋ ਸਾਲਾ ਬੱਚੇ ਨੂੰ 120 ਫੁੱਟ ਡੂੰਘੇ ਬੋਰ ’ਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਪੀਜੀਆਈ (ਚੰਡੀਗੜ੍ਹ) ਲਿਜਾਇਆ ਗਿਆ। ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਸ਼ੇਰੋਂ ਦੇ ਸ਼ਮਸ਼ਾਨਘਾਟ ’ਚ ਫ਼ਤਹਿ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੋਕ ਭਗਵਾਨਪੁਰਾ ਿਪੰਡ ’ਚ ਪੀੜਤ ਪਰਿਵਾਰ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਨਿੱਕੇ ਜਿਹੇ ਲੱਕੜ ਦੇ ਤਾਬੂਤ ਵਿਚ ਲਿਆਂਦੀ ਫ਼ਤਹਿਵੀਰ ਦੀ ਦੇਹ ਨੂੰ ਦੇਖ ਕੇ ਪਿੰਡ ਭਗਵਾਨਪੁਰਾ ਦੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਲੋਕਾਂ ਦਾ ਕਹਿਣਾ ਸੀ ਕਿ ਫ਼ਤਹਿਵੀਰ ਦੀ ਮੌਤ ਤਾਂ ਪਹਿਲਾਂ ਹੀ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ ਕਾਰਨ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬਚਾਉਣ ਲਈ ਤਕਨੀਕ ਵਿਹੂਣੇ ਰਾਹਤ ਕਾਰਜ ਕੀਤੇ ਜਾ ਰਹੇ ਸਨ ਤੇ ਹੁਣ ਸਿਰਫ਼ ਆਪਣੀ ਸਾਖ਼ ਬਚਾਉਣ ਲਈ ਹੀ ਪ੍ਰਸ਼ਾਸਨ ਉਸ ਦੀ ਦੇਹ ਨੂੰ ਪੀਜੀਆਈ ਲੈ ਗਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਐਨਡੀਆਰਐੱਫ ਦੀ ਟੀਮ ਜਦ ਰਾਹਤ ਕਾਰਜਾਂ ਦੌਰਾਨ ਬਿਲਕੁਲ ਬੇਬੱਸ ਹੋ ਗਈ ਤਾਂ ਮੰਗਵਾਲ ਪਿੰਡ ਦੇ ਗੁਰਿੰਦਰ ਸਿੰਘ ਨੇ ਕੁੰਡੀ ਵਾਲੀ ਰਾਡ ਦੇ ਨਾਲ ਬੱਚੇ ਨੂੰ ਬਾਹਰ ਕੱਢਿਆ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜੇ ਇਸੇ ਤਰ੍ਹਾਂ ਬੱਚੇ ਨੂੰ ਬਾਹਰ ਕੱਢਿਆ ਜਾਣਾ ਸੀ ਤਾਂ ਪਹਿਲਾਂ ਵੀ ਇਹ ਢੰਗ ਵਰਤਿਆ ਜਾ ਸਕਦਾ ਸੀ। ਲੋਕਾਂ ਮੁਤਾਬਕ ਗੁਰਿੰਦਰਇਸ ਤੋਂ ਪਹਿਲਾਂ ਵੀ ਬਚਾਅ ਟੀਮ ਨੂੰ ਫ਼ਤਹਿ ਨੂੰ ਬਾਹਰ ਕੱਢਣ ਲਈ ਉਸ ਦੀ ਮਦਦ ਲੈਣ ਬਾਰੇ ਕਹਿੰਦਾ ਰਿਹਾ ਪਰ ਉਸ ਦੀ ਮਦਦ ਨਹੀਂ ਲਈ ਗਈ। ਬੱਚੇ ਨੂੰ ਬੋਰ ਵਿਚੋਂ ਉਸ ਦੇ ਹੱਥਾਂ ਨੂੰ ਕਲੈਂਪ ਲਾ ਕੇ ਕੱਢਿਆ ਗਿਆ। ਰਾਹਤ ਕਾਰਜਾਂ ਵਿਚ ਜੁਟੀ ਟੀਮ ਨੇ ਬੱਚੇ ਨੂੰ ਬੋਰ ਵਿਚ ਬਾਹਰ ਕੱਢਣ ਲਈ ਇਸ ਦੇ ਬਰਾਬਰ ਹੀ ਪੁਟਾਈ ਕੀਤੀ ਸੀ। ਗੁਰਿੰਦਰ ਨੇ ਉਸੇ ਬੋਰ ਰਾਹੀਂ ਫਤਹਿਵੀਰ ਨੂੰ ਬਾਹਰ ਕੱਢਿਆ ਜਿਸ ਰਾਹੀਂ ਉਹ ਡਿੱਗਿਆ ਸੀ। ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਲਿਆਂਦੀ ਬੱਚੇ ਦੀ ਦੇਹ ਦਾ ਸਸਕਾਰ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਕਾਫ਼ੀ ਤੇਜ਼ੀ ਨਾਲ ਕਰੀਬ ਸਵਾ ਇੱਕ ਵਜੇ ਹੀ ਕਰਵਾ ਦਿੱਤਾ ਗਿਆ। ਜਦਕਿ ਸੋਸ਼ਲ ਅਤੇ ਹੋਰ ਮੀਡੀਆ ਤੇ ਸਸਕਾਰ ਦੀ ਖ਼ਬਰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਾਇਰਲ ਹੋ ਰਹੀ ਸੀ। ਫ਼ਤਹਿਵੀਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਬੱਚੇ ਦੀ ਮੌਤ ਲਈ ਪ੍ਰਸ਼ਾਸਨਿਕ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਈ ਦਿਨ ਸਿਰਫ਼ ਹਨੇਰੇ ਵਿਚ ਹੀ ਤੀਰ ਚਲਾਏ ਗਏ ਤੇ ਢੁੱਕਵੀਂ ਤਕਨੀਕ ਨਹੀਂ ਵਰਤੀ ਗਈ। ਲੋਕ ਮਨਾਂ ਵਿਚ ਫ਼ਤਹਿ ਦੀ ਮੌਤ ਦਾ ਐਨਾ ਰੋਹ ਸੀ ਕਿ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਪਹੁੰਚੇ ਆਈਜੀ ਏ.ਐੱਸ. ਰਾਏ ਨੂੰ ਲੋਕਾਂ ਨੇ ਪੀੜਤ ਪਰਿਵਾਰ ਦੇ ਘਰ ਦੇ ਬਾਹਰੋਂ ਹੀ ਮੋੜ ਦਿੱਤਾ। ਸਸਕਾਰ ਮੌਕੇ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸੀ ਨੁਮਾਇੰਦਾ ਹਾਜ਼ਰ ਨਹੀਂ ਸੀ। ਜਦਕਿ ਪੁਲੀਸ ਫੋਰਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਬਾਅਦ ਦੁਪਹਿਰ ਕਰੀਬ 4 ਵਜੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਦੋ ਸਾਲਾ ਇਕਲੌਤਾ ਪੁੱਤਰ ਫ਼ਤਹਿਵੀਰ ਸਿੰਘ ਖੇਡਦਾ ਹੋਇਆ ਘਰ ਦੇ ਸਾਹਮਣੇ ਹੀ ਖੇਤ ਵਿਚਲੇ ਇੱਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ ਸੀ।

LEAVE A REPLY

Please enter your comment!
Please enter your name here