Kolkata: Junior doctors protest against an attack on an intern doctor, at Nil Ratan Sircar Medical College and Hospital in Kolkata, Saturday, June 15, 2019. (PTI Photo/Ashok Bhaumik) (PTI6_15_2019_000108B)

ਕੋਲਕਾਤਾ-ਪੱਛਮੀ ਬੰਗਾਲ ਵਿੱਚ ਹੜਤਾਲੀ ਡਾਕਟਰਾਂ ਤੇ ਸੂਬਾ ਸਰਕਾਰ ਵਿੱਚ ਬਣੇ ਜਮੂਦ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪੰਜ ਦਿਨਾਂ ਦੀ ਡਾਕਟਰੀ ਹੜਤਾਲ ਦੇ ਬਾਵਜੂਦ ਉਨ੍ਹਾਂ ਅਜੇ ਤਕ ਜ਼ਰੂਰੀ ਸੇਵਾਵਾਂ ਮੈਨਟੇਨੈਂਸ ਐਕਟ (ਐਸਮਾ) ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਹੜਤਾਲੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਰੀ ਕੰਮ ’ਤੇ ਪਰਤ ਆਉਣ। ਉਧਰ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਨੇ ਮੁੱਖ ਮੰਤਰੀ ਵੱਲੋਂ ਬੰਦ ਕਮਰਾ ਮੀਟਿੰਗ ਦੇ ਦਿੱਤੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਉਹ ‘ਅਸੁਰੱਖਿਅਤ’ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਮੁੱਖ ਮੰਤਰੀ ਨੂੰ ਸਲਾਹ ਦਿੰੰਦਿਆਂ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫੌਰੀ ਕਦਮ ਚੁੱਕਣ ਲਈ ਕਿਹਾ ਹੈ। ਦਿੱਲੀ ਵਿੱਚ ਏਮਜ਼ ਤੇ ਸਫ਼ਦਰਜੰਗ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਮਮਤਾ ਬੈਨਰਜੀ ਨੂੰ ਡਾਕਟਰਾਂ ਦੀਆਂ ਮੰਗਾਂ ਮੰਨਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲੀ ਡਾਕਟਰਾਂ ਨੂੰ ਅੱਜ ਸ਼ਾਮ ਪੰਜ ਵਜੇ ਮੀਟਿੰਗ ਲਈ ਸੱਦਿਆ ਸੀ, ਪਰ ਜਦੋਂ ਇਸ ਤਜਵੀਜ਼ਤ ਮੀਟਿੰਗ ਲਈ ਕੋਈ ਨਾ ਪੁੱਜਿਆ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡੇ ਕੋਲ ਕਾਨੂੰਨ ਮੌਜੂਦ ਹਨ, ਪਰ ਅਸੀਂ ਇਨ੍ਹਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ….ਅਸੀਂ ਕਿਸੇ ਵੀ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਦੇ ਕਰੀਅਰ ਵਿੱਚ ਅੜਿੱਕਾ ਡਾਹੁਣ ਲਈ ਉਸ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕਰਾਂਗੇ।’ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਹਨ ਤੇ ਹੋਰ ਮੰਗਾਂ ਮੰਨਣ ਲਈ ਤਿਆਰ ਹੈ, ਪਰ ਉਹ ਕੰਮ ਉੱਤੇ ਪਰਤ ਆਉਣ। ਉਨ੍ਹਾਂ ਕਿਹਾ, ‘ਮੈਂ ਜੂਨੀਅਰ ਡਾਕਟਰਾਂ ਦੀ ਪੰਜ ਘੰਟੇ ਤਕ ਉਡੀਕ ਕੀਤੀ। ਮੀਟਿੰਗ ਲਈ ਮੈਂ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ। ਤੁਸੀਂ ਸੰਵਿਧਾਨਕ ਸੰਸਥਾ ਲਈ ਕੁਝ ਤਾਂ ਸਤਿਕਾਰ ਵਿਖਾਓ।’ ਮਮਤਾ ਨੇ ਕਿਹਾ, ‘ਜੇਕਰ ਜੂਨੀਅਰ ਡਾਕਟਰਾਂ ਨੂੰ ਲਗਦਾ ਹੈ ‘ਮੈਂ ਅਸਮਰੱਥ ਹਾਂ, ਉਹ ਇਸ ਬਾਬਤ ਰਾਜਪਾਲ ਜਾਂ ਫਿਰ ਮੁੱਖ ਸਕੱਤਰ….ਜਾਂ ਫਿਰ ਪੁਲੀਸ ਕਮਿਸ਼ਨ ਨਾਲ ਗੱਲ ਕਰ ਸਕਦੇ ਹਨ।’
ਉਧਰ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਜ਼ਿਲ੍ਹਾ ਸਕੱਤਰੇਤ ਵਿੱਚ ਬੰਦ ਕਮਰਾ ਮੀਟਿੰਗ ਦੇ ਸੱਦੇ ਨੂੰ ਰੱਦ ਕਰ ਦਿੱਤਾ। ਡਾਕਟਰਾਂ ਨੇ ਆਪਣੀ ਸੁਰੱਖਿਆ ਨੂੰ ਦਰਪੇਸ਼ ਖਤਰਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਬੰਦ ਕਮਰਾ ਮੀਟਿੰਗ ਦੀ ਥਾਂ ਐਨਆਰਐਸ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਆ ਕੇ ਖੁੱਲ੍ਹੀ ਬਹਿਸ ਜ਼ਰੀਏ ਇਹ ਜਮੂਦ ਤੋੜਨ। ਡਾਕਟਰਾਂ ਨੇ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਬੰਦ ਕਮਰਾ ਮੀਟਿੰਗ ’ਚ ਆਪਣੇ ਨੁਮਾਇੰਦੇ ਭੇਜਣ ਤੋਂ ਨਾਂਹ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਸਕਾਰਾਤਮਕ ਚਰਚਾ ਲਈ ਤਿਆਰ ਹਨ।
ਇਸ ਦੌਰਾਨ ਕੋਲਕਾਤਾ ਵਿੱਚ ਸਾਥੀ ਡਾਕਟਰਾਂ ਨੂੰ ਮਰੀਜ਼ਾਂ ਦੇ ਤਿਮਾਰਦਾਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਰੋਹ ਵਿੱਚ ਆਏ ਦਿੱਲੀ ਦੇ ਏਮਜ਼ ਤੇ ਸਫ਼ਦਰਜੰਗ ਹਸਪਤਾਲਾਂ ਦੇ ਡਾਕਟਰਾਂ ਨੇ ਮਮਤਾ ਬੈਨਰਜੀ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਹੜਤਾਲੀ ਡਾਕਟਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਦੀ ਹੜਤਾਲ ਕਰਨਗੇ। ਏਮਜ਼ ਆਰਡੀਏ ਨੇ ਇਕ ਬਿਆਨ ਜਾਰੀ ਕਰਦਿਆਂ ਪੱਛਮੀ ਬੰਗਾਲ ਸਰਕਾਰ ਦੇ ਵਿਰੋਧੀ ਤੇ ਮੁਆਫ਼ੀ ਨਾ ਮੰਗਣ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ ਹੈ।

LEAVE A REPLY

Please enter your comment!
Please enter your name here