ਫ਼ਰੀਦਕੋਟ-ਪੁਲੀਸ ਹਿਰਾਸਤ ’ਚ ਜਸਪਾਲ ਸਿੰਘ ਦੀ ਹੋਈ ਮੌਤ ਤੋਂ ਨੌਂ ਦਿਨ ਬਾਅਦ ਵੀ ਲਾਸ਼ ਨਾ ਮਿਲਣ ਕਾਰਨ ਲੋਕ ਰੋਹ ਵਧਦਾ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਲੱਗੇ ਧਰਨੇ ਵਿਚ ਲੋਕਾਂ ਦਾ ਇਕੱਠ ਵਧਣਾ ਸ਼ੁਰੂ ਹੋ ਗਿਆ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਆਗੂ ਤੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਪੀਆਰਟੀਸੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਅੱਜ ਧਰਨੇ ਵਿਚ ਸ਼ਾਮਲ ਹੋਏ। ਆਗੂਆਂ ਨੇ ਇਸ ਮੌਕੇ ਪੁਲੀਸ ਧੱਕੇਸ਼ਾਹੀ ਖ਼ਿਲਾਫ਼ ਲੋਕਾਂ ਨਾਲ ਖੜ੍ਹਨ ਦਾ ਅਹਿਦ ਕੀਤਾ।
ਪੁਲੀਸ ਨੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਅੱਜ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਕਮੇਟੀ ਵੱਲੋਂ 29 ਮਈ ਨੂੰ ਲਾਏ ਜਾਣ ਵਾਲੇ ਧਰਨੇ ਨੂੰ ਅਸਫ਼ਲ ਕਰਨ ਲਈ ਵੀ ਪੁਲੀਸ ਸਰਗਰਮ ਹੋ ਗਈ ਹੈ। ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਅਤੇ ਆਟਾ-ਦਾਲ ਲਾਭਪਾਤਰੀਆਂ ਨੂੰ ਧਮਕਾਇਆ ਗਿਆ ਹੈ ਕਿ ਜੇ ਉਹ ਧਰਨੇ ਵਿਚ ਸ਼ਾਮਿਲ ਹੋਏ ਤਾਂ ਮਿਲ ਰਹੀਆਂ ਸਹੂਲਤਾਂ ਖੋਹ ਲਈਆਂ ਜਾਣਗੀਆਂ।
ਐਕਸ਼ਨ ਕਮੇਟੀ ਦੇ ਆਗੂ ਬੂਟਾ ਸਿੰਘ, ਰਾਜਿੰਦਰ ਸਿੰਘ, ਲਾਲ ਸਿੰਘ ਨੇ ਕਿਹਾ ਕਿ ਪੁਲੀਸ ਇਨਸਾਫ਼ ਦੇਣ ਦੀ ਥਾਂ ਸੰਘਰਸ਼ ਨੂੰ ਅਸਫ਼ਲ ਬਣਾਉਣ ਲਈ ਸਾਜ਼ਿਸ਼ਾਂ ਘੜ ਰਹੀ ਹੈ। ਇਸੇ ਤਹਿਤ ਜਸਪਾਲ ਸਿੰਘ ਦੀ ਇਕ ਸ਼ਰਾਰਤੀ ਅਨਸਰ ਰਾਹੀਂ ਫ਼ਰਜ਼ੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ ਤਾਂ ਕਿ ਸੰਘਰਸ਼ ਨੂੰ ਢਾਹ ਲਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤਕ ਸੰਘਰਸ਼ ਜਾਰੀ ਰਹੇਗਾ।

LEAVE A REPLY

Please enter your comment!
Please enter your name here