ਫ਼ਰੀਦਕੋਟ-ਪੁਲੀਸ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਲਾਸ਼ ਲੈਣ ਲਈ ਪੰਜਾਬ ਭਰ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਭਲਕੇ ਫ਼ਰੀਦਕੋਟ ਵਿਚ ਕੀਤੇ ਜਾ ਰਹੇ ਇਕੱਠ ਅਤੇ ਰੋਸ ਮੁਜ਼ਾਹਰੇ ਨੂੰ ਰੋਕਣ ਲਈ ਪ੍ਰਸ਼ਾਸਨ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ।
ਪੀੜਤ ਪਰਿਵਾਰ ਅਤੇ ਸੰਘਰਸ਼ ਕਮੇਟੀ ਨੇ ਵੱਡੇ ਇਕੱਠ ਦੇ ਨਾਲ-ਨਾਲ ਫ਼ਰੀਦਕੋਟ ਦੇ ਕਾਂਗਰਸੀ ਵਿਧਾਇਕ ਦੇ ਘਰ ਨੂੰ ਘੇਰਨ ਦਾ ਐਲਾਨ ਵੀ ਕੀਤਾ ਹੋਇਆ ਹੈ। ਪੁਲੀਸ ਨੇ ਵਿਧਾਇਕ ਦੀ ਰਿਹਾਇਸ਼ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਵਿਧਾਇਕ ਦੇ ਘਰ ਨੂੰ ਜਾਂਦੀਆਂ ਸਾਰੀਆਂ ਸੜਕਾਂ ਉੱਪਰ ਬੈਰੀਕੇਡ ਲਾ ਦਿੱਤੇ ਹਨ। ਪਿੰਡਾਂ ਦੇ ਲੋਕਾਂ ਨੂੰ ਮੁਜ਼ਾਹਰੇ ਵਿਚ ਜਾਣ ਤੋਂ ਰੋਕਣ ਲਈ ਕਥਿਤ ਤੌਰ ’ਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 5 ਜੂਨ ਨੂੰ ਪਿੰਡ ਦੀਪ ਸਿੰਘ ਵਾਲਾ ਵਿਚ ਨੀਲੇ ਕਾਰਡ ਬਣਾਉਣ ਲਈ ਕੈਂਪ ਲਾਇਆ ਜਾ ਰਿਹਾ ਹੈ ਜਦੋਂਕਿ ਪੰਜਾਬ ਸਰਕਾਰ ਨੇ ਨੀਲੇ ਕਾਰਡ ਬਣਾਉਣ ’ਤੇ ਆਰਜ਼ੀ ਪਾਬੰਦੀ ਲਾਈ ਹੋਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਵਾਤਾਵਰਨ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਰੱਖਿਆ ਹੋਇਆ ਹੈ, ਜਿਸ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ਰੀਦਕੋਟ ਦੇ ਪਿੰਡ ਗੋਲੇਵਾਲਾ, ਨੱਥਲਵਾਲਾ ਅਤੇ ਸੰਗਰਾਹੂਰ ਵਿਚ ਲੋਕਾਂ ਨੂੰ ਧਰਨੇ ਵਿਚ ਨਾ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਸ਼ਾਂਤਮਈ ਰੋਸ ਵਿਖਾਵਾ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਵਿਚ ਪ੍ਰਸ਼ਾਸਨ ਕੋਈ ਵਿਘਨ ਨਹੀਂ ਪਾਵੇਗਾ।

LEAVE A REPLY

Please enter your comment!
Please enter your name here