ਫਰੀਦਕੋਟ-ਇੱਥੇ ਪੁਲੀਸ ਹਿਰਾਸਤ ’ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਲੈਣ ਅਤੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਵਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਦਫਤਰ ਸਾਹਮਣੇ ਲੱਗੇ ਰੋਸ ਧਰਨੇ ਨੂੰ ਅੱਜ ਫਰੀਦਕੋਟ ਸ਼ਹਿਰ ਨੇ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਵਪਾਰੀ ਅੱਜ ਰੋਸ ਧਰਨੇ ਵਿੱਚ ਸ਼ਾਮਲ ਵੀ ਹੋਏ। ਦੂਜੇ ਪਾਸੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਘਰ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਨਾਲ ਉਸ ਦਾ ਕੋਈ ਸਬੰਧ ਨਹੀਂ ਅਤੇ ਉਸ ਦੇ ਸਿਆਸੀ ਵਿਰੋਧੀਆਂ ਵੱਲੋਂ ਉਸ ਨੂੰ ਬਦਨਾਮ ਕਰਨ ਲਈ ਕਥਿਤ ਤੌਰ ’ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹਨ ਅਤੇ ਇਸ ਮਾਮਲੇ ਵਿੱਚ ਪੁਲੀਸ ਨੇ ਕਾਫੀ ਹੱਦ ਤੱਕ ਪੜਤਾਲ ਪੂਰੀ ਵੀ ਕਰ ਲਈ ਹੈ। ਦੂਜੇ ਪਾਸੇ ਐਕਸ਼ਨ ਕਮੇਟੀ ਨੇ ਵਿਧਾਇਕ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ 29 ਮਈ ਨੂੰ ਫਰੀਦਕੋਟ ’ਚ ਪੁਲੀਸ ਪ੍ਰਸ਼ਾਸਨ ਅਤੇ ਕਾਂਗਰਸੀ ਵਿਧਾਇਕ ਖ਼ਿਲਾਫ਼ ਮਿਸਾਲੀ ਇਕੱਠ ਹੋਵੇਗਾ। ਐਕਸ਼ਨ ਕਮੇਟੀ ਦੇ ਆਗੂ ਰਾਜਿੰਦਰ ਸਿੰਘ, ਮਾਸਟਰ ਬੂਟਾ ਸਿੰਘ, ਸ਼ਵਿੰਦਰ ਪਾਲ ਸਿੰਘ ਸੰਧੂ, ਕਰਮ ਸਿੰਘ ਭੁੱਲਰ, ਹੀਰਾ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸੁੱਖੀ ਅਤੇ ਮਾਸਟਰ ਲਾਲ ਸਿੰਘ ਨੇ ਕਿਹਾ ਕਿ ਜੇਕਰ ਵਿਧਾਇਕ ਦਾ ਇਸ ਕਾਂਡ ਨਾਲ ਕੋਈ ਸਬੰਧ ਨਹੀਂ ਹੈ ਤਾਂ ਉਹ ਫਿਰ ਉਹ ਰੋਸ ਧਰਨੇ ਵਿੱਚ ਆਉਣ ਵਾਲੇ ਲੋਕਾਂ ਨੂੰ ਡਰਾ ਧਮਕਾ ਕਿਉਂ ਰਹੇ ਹਨ ਅਤੇ ਸਾਦਿਕ ਕਸਬੇ ਨੂੰ ਰੋਸ ਵਜੋਂ ਬੰਦ ਕਿਉਂ ਨਹੀਂ ਹੋਣ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਪੂਰੇ ਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਕੁਸ਼ਲਦੀਪ ਸਿੰਘ ਢਿੱਲੋਂ, ਜ਼ਿਲ੍ਹਾ ਪੁਲੀਸ ਮੁਖੀ ਅਤੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਫੋਨ ਕਾਲਾਂ ਦੀ ਜਾਂਚ ਕਰਵਾਈ ਜਾਵੇ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਦੋ ਮੁਲਾਜ਼ਮਾਂ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਜੱਦੋ ਜਹਿਦ ਚੱਲ ਰਹੀ ਹੈ। ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾਖੁਸ਼ ਪਰਿਵਾਰਕ ਮੈਂਬਰਾਂ, ਐਕਸ਼ਨ ਕਮੇਟੀ ਦੇ ਆਗੂਆਂ ਅਤੇ ਵੱਖ ਵੱਖ ਜਥੇਬੰਦੀ ਦੇ ਆਗੂਆਂ ਨੇ ਜ਼ਿਲ੍ਹੇ ਭਰ ਵਿੱਚ 16 ਥਾਵਾਂ ’ਤੇ ਪੁਲੀਸ ਪ੍ਰਸ਼ਾਸਨ ਅਤੇ ਕਾਂਗਰਸੀ ਆਗੂਆਂ ਦੀਆਂ ਅਰਥੀਆਂ ਸਾੜੀਆਂ ਤੇ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਇਨਸਾਫ ਦੇਣ ਦੀ ਥਾਂ ਕੋਝੀਆਂ ਚਾਲਾਂ ਚਲ ਰਿਹਾ ਹੈ।

LEAVE A REPLY

Please enter your comment!
Please enter your name here