ਟੋਰਾਂਟੋ/ਮਾਸਕੋ — ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬੁੱਧਵਾਰ ਨੂੰ ਹਾਂਗਕਾਂਗ ਵਿਚ ਚੱਲ ਰਹੇ ਮਾਮਲੇ ‘ਤੇ ਇਕ ਬਿਆਨ ਜਾਰੀ ਕੀਤਾ। ਕ੍ਰਿਸਟੀਆ ਨੇ ਕਿਹਾ,”ਅਸੀਂ ਹਾਂਗਕਾਂਗ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਹਵਾਲਗੀ ਕਾਨੂੰਨ ਵਿਚ ਤਬਦੀਲੀ ਕਰਨ ਤੋਂ ਪਹਿਲਾਂ ਆਪਣੇ ਲੋਕਾਂ ਅਤੇ ਦੁਨੀਆ ਭਰ ਦੇ ਆਪਣੇ ਕਈ ਸ਼ੁਭਚਿੰਤਕਾਂ ਅਤੇ ਸਾਥੀਆਂ ਦੀ ਆਵਾਜ਼ ਸੁਣੇ। ਭਗੌੜੇ ਅਪਰਾਧ ਕਾਨੂੰਨ ਵਿਚ ਸੋਧ ਕਰਨ ਤੋਂ ਪਹਿਲਾਂ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਪੂਰਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।”
ਫ੍ਰੀਲੈਂਡ ਨੇ ਆਪਣੇ ਦੇਸ਼ਵਾਸੀਆਂ ਲਈ ਵੀ ਚਿੰਤਾ ਜ਼ਾਹਰ ਕੀਤੀ ਕਿਉਂਕਿ ਉਹ ਵੀ ਇਸੇ ਕਾਨੂੰਨ ਦੇ ਅੰਦਰ ਆ ਸਕਦੇ ਹਨ। ਹਵਾਲਗੀ ਕਾਨੂੰਨ ਵਿਚ ਪ੍ਰਸਤਾਵਿਤ ਤਬਦੀਲੀ ਦੇ ਵਿਰੋਧ ਵਿਚ ਕੱਲ੍ਹ ਹਜ਼ਾਰਾਂ ਲੋਕ ਹਾਂਗਕਾਂਗ ਦੀਆਂ ਸੜਕਾਂ ‘ਤੇ ਉਤਰੇ। ਜੇਕਰ ਕਾਨੂੰਨ ਵਿਚ ਸੋਧ ਹੋ ਜਾਂਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ ਵਿਚ ਫਸੇ ਲੋਕਾਂ ਦੀ ਬਿਨਾਂ ਦੋ-ਪੱਖੀ ਸਮਝੌਤਾ ਹੋਏ ਸਬੰਧਤ ਦੇਸ਼ ਨੂੰ ਹਵਾਲਗੀ ਕੀਤੀ ਜਾ ਸਕਦੀ ਹੈ।
ਕਾਨੂੰਨ ਵਿਚ ਸੋਧ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਡਰ ਹੈ ਕਿ ਚੀਨ ਇਸ ਦਾ ਫਾਇਦਾ ਚੁੱਕਦੇ ਹੋਏ ਹਾਂਗਕਾਂਗ ਵਿਚ ਵਿਰੋਧੀਆਂ ‘ਤੇ ਸਖਤੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਚੀਨ ਦੇ ਰਿਸ਼ਤਿਆਂ ਵਿਚ ਖਟਾਸ ਹੈ। ਅਮਰੀਕਾ ਦੀ ਅਪੀਲ ‘ਤੇ ਕੈਨੇਡਾ ਨੇ ਚੀਨ ਦੀ ਕੰਪਨੀ ਹੁਵੇਈ ਟੈਕਨੋਲੌਜੀਜ ਦੀ ਮੁਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਮੇਂਗ ਵਾਨਝੋਊ ਨੂੰ ਗ੍ਰਿਫਤਾਰ ਕੀਤਾ ਹੈ। ਚੀਨ ਨੇ ਵੀ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ।

LEAVE A REPLY

Please enter your comment!
Please enter your name here