ਈਟਾਨਗਰ-ਅਸਾਮ ਤੋਂ 13 ਵਿਅਕਤੀਆਂ ਨੂੰ ਲੈ ਕੇ ਉੱਡਿਆ ਭਾਰਤੀ ਹਵਾਈ ਸੈਨਾ ਦਾ ਇਕ ਏਐੱਨ-32 ਜਹਾਜ਼ ਅਰੁਣਾਚਲ ਪ੍ਰਦੇਸ਼ ਵਿੱਚ ਲਾਪਤਾ ਹੋ ਗਿਆ ਸੀ। ਦੁਪਹਿਰ 12.25 ਵਜੇ ਉਡਾਣ ਭਰਨ ਵਾਲੇ ਜਹਾਜ਼ ਵਿੱਚ ਛੇ ਅਫ਼ਸਰਾਂ ਸਣੇ ਜਹਾਜ਼ ਦੇ ਅਮਲੇ ਦੇ ਅੱਠ ਮੈਂਬਰਾਂ ਤੋਂ ਇਲਾਵਾ ਪੰਜ ਹੋਰ ਲੋਕ ਵੀ ਸਵਾਰ ਸਨ। ਸੂਤਰਾਂ ਅਨੁਸਾਰ ਜਹਾਜ਼ ’ਚ ਸਵਾਰ ਸਾਰੇ 13 ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਭਾਰਤੀ ਹਵਾਈ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਢੋਆ-ਢੁਆਈ ਵਾਲਾ ਇਹ ਜਹਾਜ਼ ਜੋਰਹਾਟ ਤੋਂ ਮੈਂਚੂਕਾ ਐਡਵਾਂਸ ਲੈਂਡਿੰਗ ਗਰਾਊਂਡ ਲਈ ਉੱਡਿਆ ਸੀ ਜੋ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਚੀਨ ਦੀ ਸਰਹੱਦ ਦੇ ਨਾਲ ਲੱਗਦਾ ਹੈ। ਇਹ ਜਹਾਜ਼ ਦੁਪਹਿਰੇ 12.27 ਵਜੇ ਜੋਰਹਾਟ ਤੋਂ ਉੱਡਿਆ ਸੀ ਅਤੇ ਬਾਅਦ ਦੁਪਹਿਰ 1 ਵਜੇ ਜਹਾਜ਼ ਦਾ ਗਰਾਊਂਡ ਏਜੰਸੀਆਂ ਨਾਲੋਂ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਮੁੜ ਸੰਪਰਕ ਨਹੀਂ ਹੋ ਸਕਿਆ। ਜਦੋਂ ਜਹਾਜ਼ ਮੰਜ਼ਿਲ ’ਤੇ ਨਹੀਂ ਪਹੁੰਚਿਆ ਤਾਂ ਭਾਰਤੀ ਹਵਾਈ ਸੈਨਾ ਨੇ ਕਾਰਵਾਈ ਆਰੰਭੀ। ਜਹਾਜ਼ ਡਿੱਗਣ ਦੀ ਸੰਭਾਵਨਾ ਹੋਣ ’ਤੇ ਸੰਭਾਵੀ ਥਾਂ ’ਤੇ ਹੈਲੀਕਾਪਟਰ ਭੇਜੇ ਗਏ ਪਰ ਉੱਥੇ ਹੁਣ ਤੱਕ ਜਹਾਜ਼ ਦਾ ਮਲਬਾ ਦੇਖਣ ਨੂੰ ਨਹੀਂ ਮਿਲਿਆ ਹੈ। ਜਹਾਜ਼ ਨੂੰ ਲੱਭਣ ਲਈ ਸਾਰੇ ਸਾਧਨ ਵਰਤੇ ਜਾ ਰਹੇ ਹਨ। ਫ਼ੌਜ, ਆਈਟੀਬੀਪੀ ਅਤੇ ਅਰੁਣਾਚਲ ਪ੍ਰਦੇਸ਼ ਪੁਲੀਸ ਵੱਲੋਂ ਜਹਾਜ਼ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਭਾਰਤੀ ਹਵਾਈ ਸੈਨਾ ਨੇ ਲਾਪਤਾ ਜਹਾਜ਼ ਨੂੰ ਲੱਭਣ ਲਈ ਮੈਂਚੂਕਾ-ਜੋਰਹਾਟ ਰੂਟ ’ਤੇ ਸੀ130 ਟਰਾਂਸਪੋਰਟ ਜਹਾਜ਼ ਤੇ ਐੱਮਆਈ-17 ਹੈਲੀਕਾਪਟਰ ਲਾਏ ਹੋਏ ਹਨ। ਗੁਹਾਟੀ ਵਿੱਚ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਪੀ ਖੌਂਗਸਾਈ ਨੇ ਕਿਹਾ ਕਿ ਲਾਪਤਾ ਜਹਾਜ਼ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਉੱਧਰ, ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ‘‘ਲਾਪਤਾ ਜਹਾਜ਼ ਸਬੰਧੀ ਭਾਰਤੀ ਹਵਾਈ ਸੈਨਾ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੂਰੀਆ ਨਾਲ ਗੱਲ ਕੀਤੀ। ਉਨ੍ਹਾਂ ਜਹਾਜ਼ ਨੂੰ ਲੱਭਣ ਲਈ ਭਾਰਤੀ ਹਵਾਈ ਸੈਨਾ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਿਆ। ਮੈਂ ਜਹਾਜ਼ ’ਚ ਸਵਾਰ ਸਾਰੇ ਵਿਅਕਤੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।’’
ਜ਼ਿਕਰਯੋਗ ਹੈ ਕਿ ਜੂਨ 2009 ਵਿੱਚ ਅਰੁਣਾਚਲ ਪ੍ਰਦੇਸ਼ ਦੇ ਜ਼ਿਲ੍ਹਾ ਪੱਛਮੀ ਸਿਆਂਗ ’ਚ ਵੀ ਇਕ ਏਐੱਨ-32 ਜਹਾਜ਼ ਡਿੱਗਿਆ ਸੀ, ਜਿਸ ਵਿੱਚ 13 ਫ਼ੌਜੀਆਂ ਦੀ ਮੌਤ ਹੋ ਗਈ ਸੀ। ਉਹ ਜਹਾਜ਼ ਹੀਓ ਪਿੰਡ ਤੋਂ ਉੱਪਰ ਰਿੰਚੀ ਪਹਾੜੀ ’ਤੇ ਡਿੱਗਿੱਆ ਸੀ ਜੋ ਮੈਂਚੂਕਾ ਐਡਵਾਂਸ ਲੈਂਡਿੰਗ ਗਰਾਊਂਡ ਤੋਂ 30 ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਜੁਲਾਈ 2016 ਵਿੱਚ 29 ਵਿਅਕਤੀਆਂ ਨੂੰ ਲੈ ਕੇ ਚੇਨੱਈ ਤੋਂ ਪੋਰਟ ਬਲੇਅਰ ਲਈ ਉੱਡਿਆ ਏਐੱਨ-32 ਜਹਾਜ਼ ਲਾਪਤਾ ਹੋ ਗਿਆ ਸੀ, ਜਿਸ ਦਾ ਕਈ ਹਫ਼ਤਿਆਂ ਦੀ ਭਾਲ ਤੋਂ ਬਾਅਦ ਵੀ ਕੋਈ ਪਤਾ ਨਹੀਂ ਸੀ ਲੱਗਿਆ।

LEAVE A REPLY

Please enter your comment!
Please enter your name here