ਡੋਡ ਭਰਾਵਾਂ ਦੇ ਪਿਤਾ ਜੀ ਮਾਸਟਰ ਗੁਰਦਿੱਤ ਸਿੰਘ ਜਲਵੇੜਾ ਨੇ ਪੰਥ ਅਤੇ ਅਕਾਲੀ ਦਲ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ_ ਹੁੰਦਲ
ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) _ ਅਮਰੀਕਾ ਦੇ ਪ੍ਰਸਿੱਧ ਬਿਜ਼ਨਸਮੈਨ ਸ. ਅਵਤਾਰ ਸਿੰਘ ਡੋਡ ਦੇ ਛੋਟੇ ਭਾਈ ਸੀ.ਆਰ.ਪੀ.ਐੱਫ ਤੋਂ ਰਿਟਾਇਰਡ ਆਈ.ਜੀ. ਸਤਸਰੂਪ ਸਿੰਘ ਅਤੇ ਸ. ਗੁਰਨਾਮ ਸਿੰਘ ਡੋਡ ਅੱਜ ਸੈਕਰਾਮੈਂਟੋ ਵਿਖੇ ਆਪਣੇ ਦੋਸਤ ਸ. ਨਰਿੰਦਰਪਾਲ ਸਿੰਘ ਹੁੰਦਲ ਨਾਲ ਵਿਸ਼ੇਸ਼ ਮੁਲਾਕਾਤ ਕਰਨ ਲਈ ਪਹੁੰਚੇ। ਸ. ਹੁੰਦਲ ਨੇ ਇੰਡੋ ਅਮੈਰਿਕਨ ਟਾਈਮਜ਼ ਵਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਨਾਲ ਪੰਥਕ ਅਤੇ ਪਰਿਵਾਰਕ ਵਿਚਾਰਾਂ ਕੀਤੀਆਂ। ਇਸ ਮੌਕੇ ਇਤਿਹਾਸ ਫਰੋਲਦਿਆਂ ਸ. ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਡੋਡ ਭਰਾਵਾਂ ਦੇ ਪਿਤਾ ਜੀ ਮਾਸਟਰ ਗੁਰਦਿੱਤ ਸਿੰਘ ਜਲਵੇੜਾ ਅੰਮਿ੍ਰਤਸਰ ਦੇ ਖਾਲਸਾ ਹਾਈ ਸਕੂਲ ਸਰਿਆਲੀ ਵਿਚ ਅਧਿਆਪਕ ਹੁੰਦੇ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਤੇ ਜਸਵੰਤ ਸਿੰਘ ਕੈਰੋਂ ਨੇ ਬਤੌਰ ਵਿਦਿਆਰਥੀ ਉਨਾਂ ਤੋਂ ਵਿੱਦਿਆ ਹਾਸਲ ਕੀਤੀ। ਉਹ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਲੈ ਕੇ ਲਗਤਾਰ 20 ਸਾਲ ਐਗਜ਼ੈਕਟਿਵ ਮੈਂਬਰ ਰਹੇ। ਮਾਸਟਰ ਗੁਰਦਿੱਤ ਸਿੰਘ ਜੀ ਨੇ ਜੈਤੋ ਦੇ ਮੋਰਚੇ ’ਚ ਵੱਡਾ ਜਥਾ ਲੈ ਕੇ ਗਿ੍ਰਫਤਾਰੀ ਦਿੱਤੀ। ਅਧਿਆਪਕ ਦੀ ਜ਼ਿੰਮੇਵਾਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਆਪ ਜੀ ਆਪਣੇ ਪਿੰਡ ਜਲਵੇੜਾ ਆ ਕੇ ਰਹਿਣ ਲੱਗੇ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੂੰ ਪ੍ਰੇਰਨਾ ਦੇ ਕੇ 1947 ’ਚ ਆਪ ਜੀ ਨੇ ਅੰਮਿ੍ਰਤ ਛਕਾਇਆ ਅਤੇ ਸ਼ਰੋਮਣੀ ਅਕਾਲੀ ਦੇ ਵਰਕਰ ਤੋਂ ਵੱਡੇ ਆਗੂ ਬਣਾਉਣ ਵਿਚ ਯੋਗਦਾਨ ਪਾਇਆ। ਜਲਵੇੜਾ ਪਿੰਡ ਦੇ ਹੀ ਚੌਧਰੀ ਅਮਰ ਸਿੰਘ ਕਾਂਗਰਸ ਸਰਕਾਰ ਵਿਚ ਮੰਤਰੀ ਸਨ ਅਤੇ ਮੁੱਖ ਮੰਤਰੀ ਕੈਰੋਂ ਦਾ ਸੱਜਾ ਹੱਥ ਸਮਝੇ ਜਾਂਦੇ ਸਨ। ਆਪ ਜੀ ਨੇ ਉਨਾਂ ਦੇ ਨਾਲ ਪੂਰੀ ਟੱਕਰ ਲੈ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ। ਸੰਗਤਾਂ ਦੀ ਜਾਣਕਾਰੀ ਹਿੱਤ ਇਹ ਵੀ ਦੱਸਣ ਵਿਚ ਮਾਣ ਮਹਿਸੂਸ ਕਰਦੇ ਹਾਂ ਕਿ ਇਨਾਂ ਦੇ ਸਤਿਕਾਰਯੋਗ ਪਿਤਾ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਹੋਈ ਹੈ ਅਤੇ ਇਸ ਪਰਿਵਾਰ ਨੇ ਆਪਣੇ ਪਿਤਾ ਜੀ ਦੀ ਯਾਦ ਵਿਚ ਤਕਰੀਬਨ 20 ਲੱਖ ਰੁਪਿਆ ਖਰਚ ਕੇ ਆਪਣੇ ਪਿੰਡ ਵਿਚ ਸ਼ਾਨਦਾਰ ਸਟੇਡੀਅਮ ਦੀ ਉਸਾਰੀ ਵੀ ਕਰਵਾਈ ਹੈ। ਉਸ ਦੀ ਦੇਖ ਰੇਖ ਦਾ ਖਰਚਾ ਵੀ ਸ. ਅਵਤਾਰ ਸਿੰਘ ਡੋਡ ਹਮੇਸ਼ਾ ਆਪਣੀ ਜੇਬ ਵਿਚੋਂ ਭੇਜਦੇ ਹਨ। ਸਮਾਜ ਸੇਵਾ ਨੂੰ ਸਮਰਪਿਤ ਇਹ ਤਿੰਨੇ ਭਰਾ ਦੇਸ਼ ਵਿਦੇਸ਼ ਵਿਚ ਜਿੱਥੇ ਚੰਗੇ ਕਾਰੋਬਾਰਾਂ ਵਿਚ ਸਥਾਪਤ ਹਨ ਉੱਥੇ ਹਮੇਸ਼ਾ ਪੰਥ ਅਤੇ ਚੜਦੀ ਕਲਾ ਲਈ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਪੈੜ ਵਿਚ ਪੈਰ ਰੱਖ ਕੇ ਪਹਿਰਾ ਦੇ ਰਹੇ ਹਨ।

LEAVE A REPLY

Please enter your comment!
Please enter your name here