ਸੰਗਰੂਰ-ਸੰਗਰੂਰ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੀ ਆਵਾਜਾਈ ਕੰਟਰੋਲ ਕਰਨ ਲਈ ਕਾਂਟਾ ਬਦਲਣ ਅਤੇ ਟੋਕਨ ਫੜਾਉਣ ਦਾ ਪੁਰਾਣਾ ਸਿਸਟਮ ਬੰਦ ਕਰਕੇ ਅੱਜ ਸ਼ਾਮ ਚਾਰ ਵਜੇ ਤੋਂ ਨਵੀਂ ਤਕਨੀਕ ਨਾਲ ਮਾਡਰਨ ਸਿਗਨਲ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਹੁਣ ਟਰੈਫ਼ਿਕ ਲਾਈਟਾਂ ਵਾਲੇ ਮਾਡਰਨ ਸਿਗਨਲ ਸਿਸਟਮ ਨਾਲ ਰੇਲ ਗੱਡੀਆਂ ਦੀਆਂ ਆਵਾਜਾਈ ਕੰਟਰੋਲ ਕੀਤੀ ਜਾਵੇਗੀ।
ਸਥਾਨਕ ਰੇਲਵੇ ਸਟੇਸ਼ਨ ਮਾਸਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਚਾਰ ਵਜੇ ਮਾਡਰਨ ਸਿਗਨਲ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਰੇਲਗੱਡੀਆਂ ਦੀ ਆਵਾਜਾਈ ਕੰਟਰੋਲ ਕਰਨ ਲਈ ਪਹਿਲਾਂ ਲੱਗੇ ਪੁਰਾਣੇ ਸਿਸਟਮ ਨੂੰ ਉਤਾਰ ਕੇ ਟਰੈਫ਼ਿਕ ਲਾਈਟਾਂ ਵਾਲਾ ਨਵਾਂ ਸਿਗਨਲ ਸਿਸਟਮ ਲਗਾ ਦਿੱਤਾ ਗਿਆ ਹੈ। ਸਟੇਸ਼ਨ ਮਾਸਟਰ ਸਵਿੱਚ ਸਿਸਟਮ ਜਾਂ ਇਲੈਕਟ੍ਰੋਨਿਕ ਸਿਸਟਮ ਨਾਲ ਆਵਾਜਾਈ ਦਾ ਕਾਂਟਾ ਬਦਲਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸਾਰਾ ਮਾਡਰਨ ਸਿਸਟਮ ਇਲੈਕਟ੍ਰੋਨਿਕ ਤੌਰ ’ਤੇ ਆਟੋਮੈਟਿਕ ਸਿਸਟਮ ਵਿਚ ਫੀਡ ਹੋ ਜਾਵੇਗਾ।
ਇਸ ਨਵੇਂ ਸਿਸਟਮ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਰੇਲਵੇ ਵਲੋਂ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਕਾਰਜ ਨੂੰ ਮੁੱਖ ਰੱਖਦਿਆਂ ਹੀ ਅੱਜ ਲਗਭਗ ਛੇ ਘੰਟੇ ਸੰਗਰੂਰ ਸਟੇਸ਼ਨ ਦੇ ਰੇਲਵੇ ਟਰੈਕ ਬੰਦ ਰਿਹਾ, ਜਿਸ ਕਾਰਨ ਲੁਧਿਆਣਾ ਤੋਂ ਹਿਸਾਰ ਅਤੇ ਜਾਖਲ ਆਉਣ ਜਾਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਥਾਨਕ ਰੇਲਵੇ ਸਟੇਸ਼ਨ ’ਤੇ ਲਗਭਗ ਇੱਕ ਸਦੀ ਤੋਂ ਰੇਲਗੱਡੀਆਂ ਦੀ ਆਵਾਜਾਈ ਕਾਂਟਾ ਬਦਲਣ ਅਤੇ ਟੋਕਨ ਫੜਾਉਣ ਦੇ ਪੁਰਾਣੇ ਸਿਸਟਮ ਨਾਲ ਹੀ ਚੱਲ ਰਹੀ ਸੀ।

LEAVE A REPLY

Please enter your comment!
Please enter your name here