ਬਠਿੰਡਾ-ਮਾਲਵਾ ਖੇਤਰ ਦੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹੇ ਬੁਰੀ ਤਰ੍ਹਾਂ ਗਰਮੀ ਦੀ ਲਪੇਟ ਵਿਚ ਆ ਗਏ ਹਨ। ਸ੍ਰੀਗੰਗਾਨਗਰ ਨਾਲ ਲੱਗਦੇ ਫਾਜ਼ਿਲਕਾ ਅਤੇ ਅਬੋਹਰ ਤੋਂ ਬਾਅਦ ਬਠਿੰਡਾ ਵਿਚ ਅਤਿ ਦੀ ਗਰਮੀ ਪੈ ਰਹੀ ਹੈ। ਹਫ਼ਤੇ ਤੋਂ ਸੂਏ ਕੱਸੀਆਂ ਵਿਚ ਪਾਣੀ ਨਾ ਹੋਣ ਕਾਰਨ ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਝੁਲਸ ਗਈ ਹੈ।
ਹਰੇ ਚਾਰੇ ਦੀ ਫ਼ਸਲ ਵੀ ਪਾਣੀ ਦੀ ਘਾਟ ਕਾਰਨ ਪ੍ਰਭਾਵਿਤ ਹੋਈ ਹੈ। ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਬਠਿੰਡਾ ਖੇਤਰ ਨੂੰ ਹੋਲੀ ਹੋਲੀ ਰੇਗਿਸਤਾਨ ਵੱਲ ਵਧਦਾ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਧੂੜ ਭਰੀਆਂ ਹਨੇਰੀਆਂ ਤੋਂ ਝਾੜ ਬੂਟ ਸਮੇਤ ਰੀਂਗਣ ਵਾਲੇ ਜੀਵਾਂ ਵਿਚ ਵਾਧਾ ਹੋਇਆ ਹੈ, ਉਹ ਦਿਨ ਦੂਰ ਨਹੀਂ ਜਦੋਂ ਬਠਿੰਡਾ ਮਾਨਸਾ ਅਤੇ ਫਾਜ਼ਿਲਕਾ ਰੇਗਿਸਤਾਨ ਦੀ ਭੇਟ ਚੜ੍ਹ ਜਾਣਗੇ।
ਵਾਤਾਵਰਨ ਪ੍ਰੇਮੀ ਸੁਖਮਿੰਦਰ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਝੋਨੇ ਦੀ ਫ਼ਸਲ ਬੀਜਣ ਕਾਰਨ ਧਰਤੀ ਹੇਠਲਾ ਪਾਣੀ ਹੇਠਾਂ ਵੱਲ ਜਾ ਰਿਹਾ ਹੈ ਅਤੇ ਦਰਖਤਾਂ ਦੀ ਕਟਾਈ ਨੇ ਤਪਸ਼ ਵਿਚ ਵਾਧਾ ਕੀਤਾ ਹੈ।
ਅੱਜ ਬਠਿੰਡੇ ਦਾ ਪਾਰਾ 45 ਡਿਗਰੀ ਸੈਲਸੀਅਸ ਮਾਪਿਆ ਗਿਆ। ਪਿੰਡਾਂ ਵਿਚਲੇ ਜਲ ਸੋਮੇ ਸੁੱਕਣ ਕਿਨਾਰੇ ਅਤੇ ਜਲ ਘਰਾਂ ਵਿਚ ਨਹਿਰ ਬੰਦੀ ਕਾਰਨ ਥੋੜੇ ਦਿਨਾਂ ਦਾ ਪਾਣੀ ਹੀ ਬਕਾਇਆ ਰਹਿ ਗਿਆ ਹੈ।

LEAVE A REPLY

Please enter your comment!
Please enter your name here