Punjab Chief Minister, Capt Amrinder Singh addresses a press conference regarding Lok Sabha election results in Punjab at his resident in Chandigarh on Thursday. TRIBUNE PHOTO: MANOJ MAHAJAN

ਚੰਡੀਗੜ੍ਹ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਿਰੁਧ ਮੁੜ ਹਮਲਾਵਰ ਰੁਖ਼ ਅਪਣਾਉਂਦਿਆਂ ਕਿਹਾ ਕਿ ਉਹ ਸਿੱਧੂ ਦੀ ਬਿਆਨਬਾਜ਼ੀ ਦਾ ਮਾਮਲਾ ਕਾਂਗਰਸ ਹਾਈਕਮਾਂਡ ਕੋਲ ਧੜੱਲੇ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ, ਜਿਸ ਕਰਕੇ ਕਾਂਗਰਸ ਨੂੰ ਸ਼ਹਿਰਾਂ ਵਿਚ ਘੱਟ ਵੋਟ ਮਿਲੀ ਹੈ। ਚੋਣ ਨਤੀਜਿਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿਚ ਕਾਂਗਰਸ ਦੀ ਬਿਹਤਰ ਕਾਰਗੁਜ਼ਾਰੀ ਤੋਂ ਖੁਸ਼ ਹਨ ਪਰ ਉਨ੍ਹਾਂ ਨੂੰ ਸੁਨੀਲ ਜਾਖੜ ਦੇ ਹਾਰਨ ਦਾ ਅਫਸੋਸ ਹੈ। ਚੋਣ ਨਤੀਜਿਆਂ ਤੋਂ ਬਾਅਦ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਪਾਰਟੀ ਦੇ ਨਵੇਂ ਲੋਕ ਸਭਾ ਮੈਂਬਰਾਂ ਨਾਲ ਦਿੱਲੀ ਜਾਣਗੇ ਅਤੇ ਸਾਰਾ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਉਣਗੇ।
ਉਨ੍ਹਾਂ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਦੀ ਲੜਾਈ ਸਿਖ਼ਰ ’ਤੇ ਸੀ ਤਾਂ ਉਸ ਸਮੇਂ ਸਿੱਧੂ ਨੂੰ ਵਿਵਾਦਿਤ ਬਿਆਨ ਦੇਣ ਦੀ ਕੀ ਲੋੜ ਸੀ? ਇਸ ਕਰਕੇ ਹੀ ਕਾਂਗਰਸ ਬਠਿੰਡਾ ਦੀ ਸੀਟ ਹਾਰ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫੇਰੀ ਸਮੇਂ ਸਿੱਧੂ ਵਲੋਂ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਨੂੰ ਪਸੰਦ ਨਹੀਂ ਕੀਤਾ ਗਿਆ ਕਿਉਂਕਿ ਨਿਤ-ਦਿਨ ਸਰਹੱਦਾਂ ’ਤੇ ਜਵਾਨ ਮਾਰੇ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਸੂਬੇ ਵਿਚ ਬੇਅਦਬੀ ਮੁੱਦਾ ਹੈ ਪਰ ਇਸ ਮੁੱਦੇ ’ਤੇ ਸਿੱਧੂ ਦੀ ਬਿਆਨਬਾਜ਼ੀ ਸਹੀ ਨਹੀਂ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸਿੱਧੂ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਸੀ ਪਰ ਸੈਸ਼ਨ ਤੋਂ ਬਾਅਦ ਜਾਂਚ ਟੀਮ ਬਣਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਿਹੜੀ ਜਾਂਚ ਕਰ ਰਹੀ ਹੈ, ਉਸ ਨੇ ਆਈ.ਜੀ. ਤੱਕ ਜੇਲ੍ਹ ਭੇਜੇ ਹਨ।
ਚੋਣ ਨਤੀਜਿਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਤਿੰਨ ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ ਅੱਠ ਸੀਟਾਂ ਜਿੱਤ ਕੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਇਸ ਫ਼ੈਸਲੇ ਲਈ ਉਨ੍ਹਾਂ ਨੇ ਪਾਰਟੀ ਵਰਕਰਾਂ, ਆਗੂਆਂ ਅਤੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਗੁਰਦਾਸਪੁਰ ਤੋਂ ਚੋਣ ਹਾਰਨ ਦਾ ਅਫਸੋਸ ਹੈ ਅਤੇ ਉਹ ਇਹ ਗੱਲ ਸਮਝ ਨਹੀਂ ਸਕੇ ਕਿ ਲੋਕਾਂ ਨੇ ਸੁਲਝੇ ਹੋਏ ਰਾਜਨੀਤਕ ਆਗੂ ਦੀ ਥਾਂ ਫਿਲਮ ਅਭਿਨੇਤਾ ਦੀ ਚੋਣ ਕਿਉਂ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮੋਦੀ ਜਾਂ ਹਿੰਦੂਤਵ ਦੀ ਲਹਿਰ ਦਾ ਕੋਈ ਅਸਰ ਨਹੀਂ ਪਿਆ। ਇਸੇ ਦੌਰਾਨ ਕੈਪਟਨ ਵਲੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਦੇ ਸੰਕੇਤ ਵੀ ਦਿੱਤੇ ਗਏ ਹਨ।

LEAVE A REPLY

Please enter your comment!
Please enter your name here