ਨਵੀਂ ਦਿੱਲੀ (ਇੰਡੋ ਅਮੈਰਿਕਨ ਟਾਈਮ)- ਦਿੱਲੀ ਦੀਆਂ ਸਿੰਘ ਸਭਾਵਾਂ ਵਲੋਂ ਸਿੱਖ ਪੰਥ ਲਈ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਦਲੇ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਦਾ ਉੱਚ ਪੱਧਰੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਬੀਬੀ ਖਾਲਸਾ ਕਥਾ, ਕੀਰਤਨ ਅਤੇ ਸਿੱਖੀ ਦੇ ਪ੍ਰਚਾਰ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਹਨ। ਬੀਬੀ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਹ ਸਨਮਾਨ ਹਾਸਲ ਕਰਨ ਉਪਰੰਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਸਿੰਘ ਸਭਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਆਪਣਾ ਸਾਰਾ ਜੀਵਨ ਹੀ ਸਿੱਖ ਪੰਥ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹ ਇਸੇ ਤਰਾਂ ਹੀ ਆਪਣੀਆਂ ਨਿਸ਼ਕਾਮ ਸੇਵਾਵਾਂ ਜਾਰੀ ਰੱਖਣਗੇ। ਇਹ ਸਨਮਾਨ ਉਨਾਂ ਲਈ ਬਹੁਤ ਹੀ ਅਹਿਮ ਹੈ ਅਤੇ ਉਨਾਂ ਦਾ ਉਤਸ਼ਾਹ ਵਧਿਆ ਹੈ। ਉਨਾਂ ਇਸ ਮੌਕੇ ਕਿਹਾ ਕਿ ਦਿੱਲੀ ਦਾ ਸਿੱਖ ਭਾਈਚਾਰਾ ਇਸ ਵੇਲੇ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਵੇਲੇ ਲੋੜ ਹੈ ਕਿ ਸਿੱਖ ਭਾਈਚਾਰਾ ਆਪਸ ਵਿਚ ਮਿਲ ਬੈਠ ਕੇ ਸਾਰੇ ਮਸਲੇ ਹੱਲ ਕਰਕੇ ਇਕ ਝੰਡੇ ਹੇਠ ਇਕੱਤਰ ਹੋਵੇ। ਉਨਾਂ ਦੱਸਿਆ ਕਿ ਇਸ ਮਕਸਦ ਲਈ ਯਤਨ ਕੀਤੇ ਜਾ ਰਹੇ ਅਤੇ ਇਕ ਅੰਤਰਰਾਸ਼ਟਰੀ ਸਿੱਖ ਕੌਂਸਲ ਦਾ ਗਠਨ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਜਿਸਦਾ ਮਕਸਦ ਸਿੱਖ ਕੌਮ ਨੂੰ ਵਾਦ ਵਿਵਾਦ ਵਿੱਚੋਂ ਬਾਹਰ ਕੱਢਣਾ ਹੋਵੇਗਾ। ਉਨਾਂ ਦੱਸਿਆ ਕਿ ਪੰਥ ਦੀ ਚੜਦੀ ਕਲਾ ਲਈ ਹਰ ਸਿੱਖ ਨੂੰ ਅੱਗੇ ਆ ਕੇ ਆਪਣੀਆਂ ਸੇਵਾਵਾਂ ਦੇਣੀਆਂ ਹੋਣਗੀਆਂ।

LEAVE A REPLY

Please enter your comment!
Please enter your name here