ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਪੁਲੀਸ ਅਧਿਕਾਰੀਆਂ ਨੂੰ ਮੁਆਫ਼ੀ ਦੇਣ ਦੀ ਸਿਫਾਰਿਸ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦੋਸ਼ੀ ਪੁਲੀਸ ਅਫ਼ਸਰਾਂ ਨੇ 1993 ਵਿੱਚ ਤਰੱਕੀਆਂ ਲੈਣ ਲਈ ਇੱਕ ਨਿਰੋਦਸ਼ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਬੇਇਨਸਾਫੀ ਭਰੇ ਫੈਸਲੇ ਨੂੰ ਰੱਦ ਕਰਵਾਉਣ ਲਈ ਡਟ ਕੇ ਲੜਾਈ ਲੜੇਗਾ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਤਲ ਦੇ ਕਸੂਰਵਾਰ ਪੁਲੀਸ ਵਾਲਿਆਂ ਨੂੰ ਮੁਆਫੀ ਦੇ ਕੇ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਉੱਤੇ ਇੱਕ ਹੋਰ ਜ਼ੁਲਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਲੜੀ 18 ਸਾਲ ਲੰਬੀ ਲੜਾਈ ਬੇਕਾਰ ਨਹੀਂ ਜਾਵੇਗੀ ਤੇ ਅਕਾਲੀ ਦਲ ਸਿੱਖਾਂ ਵੱਲੋਂ ਇਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜੇਗਾ।
ਸ੍ਰੀ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲ ਕੇ ਬੇਨਤੀ ਕਰੇਗਾ ਕਿ ਚਾਰ ਪੁਲੀਸ ਕਰਮੀਆਂ ਨੂੰ ਦਿੱਤੀ ਗੈਰਕਾਨੂੰਨੀ ਮੁਆਫੀ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ 20 ਸਾਲ ਦੀ ਜਾਂਚ ਅਤੇ ਅਦਾਲਤੀ ਪੈਰਵਾਈ ਮਗਰੋਂ ਪੁਲੀਸ ਕਰਮੀਆਂ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਤੋਂ ਸਿਰਫ਼ ਸਾਢੇ ਚਾਰ ਸਾਲ ਬਾਅਦ ਦੋਸ਼ੀਆਂ ਨੂੰ ਮੁਆਫੀ ਦੇਣਾ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜੁਆਬ ਮੰਗਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ 1993 ਵਿਚ ਅਗਵਾ ਕਰਨ ਮਗਰੋਂ ਇੱਕ ਨੌਜਵਾਨ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਵਾਲੇ ਚਾਰ ਪੁਲੀਸ ਕਰਮੀਆਂ ਨੂੰ ਬਿਨਾਂ ਕੋਈ ਜਨਤਕ ਵਿਚਾਰ ਚਰਚਾ ਕੀਤੇ ਚੁੱਪ ਚੁਪੀਤੇ ਮੁਆਫੀ ਕਿਉਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਰ ਪੁਲੀਸ ਕਰਮੀਆਂ ਨੂੰ ਮੁਆਫੀ ਦੇਣ ਦੀ ਸਿਫਾਰਿਸ਼ ਕਰਨ ਪਿਛਲੇ ਆਪਣੇ ਮੰਤਵ ਅਤੇ ਮਜਬੂਰੀ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਪਿਤਾ ਮਹਿੰਦਰ ਸਿੰਘ ਦੀ ਬੇਨਤੀ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਜੀਤ ਸਿੰਘ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਮਗਰੋਂ ਜਾਂਚ ਏਜੰਸੀ ਪੁਲੀਸ ਕਰਮੀਆਂ ਵਿਰੁੱਧ ਕੇਸ ਦੀ ਡੂੰਘੀ ਜਾਂਚ ਕੀਤੀ ਸੀ। ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

LEAVE A REPLY

Please enter your comment!
Please enter your name here