Family members in cheerfull mood with youth who have returned home safely from Saudi Arabia in Jalandhar on Wednesday. Photo Sarabjit Singh, with Aparna Story

ਜਲੰਧਰ-ਸਾਊਦੀ ਅਰਬ ਵਿਚ ਫਸੇ 450 ਦੇ ਕਰੀਬ ਪੰਜਾਬੀਆਂ ਨੂੰ ਕੇਂਦਰ ਸਰਕਾਰ ਨੇ ਆਪਣੇ ਖਰਚੇ ’ਤੇ ਵਾਪਸ ਵਤਨ ਲਿਆਂਦਾ ਹੈ। ਇਨ੍ਹਾਂ ਪੰਜਾਬੀਆਂ ਨੂੰ ਵਾਪਸ ਲਿਆਉਣ ਵਿਚ ਭਾਜਪਾ ਆਗੂਆਂ ਨੇ ਮੁੱਖ ਭੂਮਿਕਾ ਨਿਭਾਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਅਤੇ ਐਡਵੋਕੇਟ ਅਸ਼ੋਕ ਸਰੀਨ ਨੇ ਸਾਊਦੀ ਅਰਬ ’ਚ ਫਸੇ ਜਲੰਧਰ ਨਾਲ ਸਬੰਧਤ 7 ਜਣਿਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ, ਜਿਨ੍ਹਾਂ ਨੂੰ ਉਥੇ ਕੰਪਨੀ ਨਾ ਤਾਂ ਤਨਖਾਹ ਦੇ ਰਹੀ ਸੀ ਤੇ ਨਾ ਹੀ ਉਨ੍ਹਾਂ ਨੂੰ ਵੀਜ਼ਾ ਖਤਮ ਹੋਣ ’ਤੇ ਬਾਹਰ ਜਾਣ ਦਿੱਤਾ ਜਾ ਰਿਹਾ ਸੀ।
ਅਸ਼ੋਕ ਸਰੀਨ ਨੇ ਦੱਸਿਆ ਕਿ ਸਾਊਦੀ ਅਰਬ ਵਿਚ ਜੇ ਐਂਡ ਪੀ ਨਾਂ ਦੀ ਕੰਪਨੀ ਵਿਚ 4000 ਦੇ ਕਰੀਬ ਲੋਕ ਕੰਮ ਕਰਦੇ ਸਨ, ਜਿਨ੍ਹਾਂ ’ਚ 2500 ਭਾਰਤੀ ਸਨ ਅਤੇ ਇਨ੍ਹਾਂ ਵਿਚ 450 ਦੇ ਕਰੀਬ ਪੰਜਾਬੀ ਹਨ। ਉਨ੍ਹਾਂ ਦੱਸਿਆ ਕਿ 1200 ਭਾਰਤੀਆਂ ਕੋਲ ਵੀਜ਼ਾ ਨਾ ਹੋਣ ਕਾਰਨ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਨਾ ਤਾਂ ਕੋਈ ਸਹੂਲਤ ਦਿੱਤੀ ਤੇ ਨਾ ਹੀ ਬਾਹਰ ਘੁੰਮਣ-ਫਿਰਨ ਦਿੱਤਾ ਜਾਂਦਾ ਸੀ। ਸਾਊਦੀ ਅਰਬ ’ਚ ਫਸੇ ਇਨ੍ਹਾਂ ਪੰਜਾਬੀਆਂ ਵਿਚ ਸੁਰਿੰਦਰਜੀਤ ਤੇ ਕਰਮਜੀਤ ਦੀ ਭੈਣ ਬਲਜੀਤ ਕੌਰ ਨੇ ਆਪਣੇ ਭਰਾਵਾਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਐਡਵੋਕੇਟ ਅਸ਼ੋਕ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੇ ਬਲਜੀਤ ਕੌਰ ਨਾਲ ਸੰਪਰਕ ਕਰਕੇ ਇਸ ਮਾਮਲੇ ਨੂੰ ਭਾਜਪਾ ਆਗੂ ਰਾਕੇਸ਼ ਰਾਠੌਰ ਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਨੇ ਦਸੰਬਰ 2018 ਵਿਚ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚਾਇਆ ਸੀ।
ਮਾਰਚ 2019 ਵਿਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਸਾਊਦੀ ਅਰਬ ਗਏ ਸਨ ਤੇ ਉਨ੍ਹਾਂ ਨੇ ਉਥੇ ਫਸੇ ਭਾਰਤੀਆਂ ਦੀ ਵਾਪਸੀ ਲਈ ਰਾਹ ਪੱਧਰਾ ਕਰਵਾਇਆ ਸੀ। ਹੁਣ ਲੰਘੀ 5 ਜੂਨ ਤੋਂ ਉਥੇ ਫਸੇ ਭਾਰਤੀ ਵਾਪਸ ਆ ਰਹੇ ਹਨ। ਸੰਤ ਨਗਰ ਦੇ ਰਹਿਣ ਵਾਲੇ ਸੁਰਿੰਦਰਜੀਤ ਤੇ ਕਰਮਜੀਤ ਨੇ ਦੱਸਿਆ ਕਿ ਅਕਤੂਬਰ 2018 ਵਿਚ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਕੰਮ ਕਰਨ ਵਾਲਿਆਂ ਨੂੰ ਤਨਖਾਹ ਵੀ ਨਹੀਂ ਸੀ ਦਿੱਤੀ। ਕੰਪਨੀ ਨੇ ਹੀ ਕਾਮਿਆਂ ਦੇ ਵੀਜ਼ੇ ਦੀ ਮਿਆਦ ਵਧਾਉਣੀ ਸੀ, ਉਸ ਤੋਂ ਵੀ ਕੰਪਨੀ ਨੇ ਇਨਕਾਰ ਕਰ ਦਿੱਤਾ। ਜਿਸ ਕਾਰਨ ਉਹ ਸਾਰੇ ਜਣੇ ਉਥੇ ਫਸ ਗਏ ਸਨ।

LEAVE A REPLY

Please enter your comment!
Please enter your name here