Australia's David Warner celebrates his century during the 2019 Cricket World Cup group stage match between Australia and Bangladesh at Trent Bridge in Nottingham, central England, on June 20, 2019. (Photo by Paul ELLIS / AFP) / RESTRICTED TO EDITORIAL USE

ਨੌਟਿੰਘਮ-ਵਾਰਨਰ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਉਸ ਦੀ ਓਸਮਾਨ ਖਵਾਜਾ ਨਾਲ 192 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਪੰਜ ਵਿਕਟਾਂ ’ਤੇ 381 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਅੱਗੇ ਜਿੱਤ ਲਈ ਲਈ 382 ਦੌੜਾਂ ਦਾ ਟੀਚਾ ਰੱਖਿਆ ਇਸ ਦੇ ਮੁਕਾਬਲੇ ਵਿੱਚ ਬੰਗਲਾਦੇਸ਼ ਦੀ ਟੀਮ 50 ਓਵਰਾਂ ਵਿੱਚ ਅੱਠ ਵਿਕਟਾਂ ਪਿੱਛੇ 333 ਦੌੜਾਂ ਬਣਾ ਕੇ ਆਊਟ ਹੋ ਗਈ। ਬੰਗਲਾਦੇਸ਼ ਦੀ ਤਰਫੋਂ ਮੁਸ਼ਫਿਕੁਰ ਰਹੀਮ ਨਾਬਾਦ (102), ਮਹਿਮੂਦ ਉਲਾ (69) ਅਤੇ ਤਾਮਿਮ ਇਕਬਾਲ 62 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਅੱਜ ਆਸਟਰੇਲੀਆ ਦੇ ਡੇਵਿਡ ਵਾਰਨਰ ਦਾ ਟੂਰਨਾਮੈਂਟ ਵਿੱਚ ਇਹ ਦੂਜਾ ਸੈਂਕੜਾ ਹੈ। ਆਮ ਤੌਰ ’ਤੇ ਹਮਲਾਵਰ ਖੇਡਣ ਵਾਲਾ ਵਾਰਨਰ ਆਪਣੇ ਸੁਭਾਅ ਦੇ ਉਲਟ ਧੀਰਜ ਨਾਲ ਖੇਡਿਆ। ਉਸ ਨੇ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਆਪਣਾ 16ਵਾਂ ਇੱਕ ਰੋਜ਼ਾ ਸੈਂਕੜਾ (166 ਦੌੜਾਂ) ਪੂਰਾ ਕੀਤਾ।
ਅੱਜ ਆਪਣੀ ਛੇਵੀਂ 150 ਤੋਂ ਵੱਧ ਦੌੜਾਂ ਦੀ ਪਾਰੀ ਖੇਡਣ ਵਾਲੇ ਵਾਰਨਰ ਨੇ 147 ਗੇਂਦਾਂ ਦਾ ਸਾਹਮਣਾ ਕਰਕੇ 14 ਚੌਕੇ ਅਤੇ ਪੰਜ ਛੱਕੇ ਜੜੇ। ਉਸ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਪਾਕਿਸਤਾਨ ਖ਼ਿਲਾਫ਼ ਸੈਂਕੜਾ ਮਾਰਨ ਵਾਲੇ ਵਾਰਨਰ ਨੇ ਕਪਤਾਨ ਆਰੋਨ ਫਿੰਚ (53 ਦੌੜਾਂ) ਨਾਲ 121 ਦੌੜਾਂ ਅਤੇ ਫਿਰ ਉਸਮਾਨ ਖਵਾਜਾ (89 ਦੌੜਾਂ) ਨਾਲ 192 ਦੌੜਾਂ ਦੀ ਭਾਈਵਾਲੀ ਕੀਤੀ। ਰਨ ਆਊਟ ਹੋਣ ਤੋਂ ਪਹਿਲਾਂ ਗਲੈਨ ਮੈਕਸਵੇਲ ਨੇ ਅਖ਼ੀਰ ਵਿੱਚ ਦਸ ਗੇਂਦਾਂ ਵਿੱਚ 32 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਛੱਕੇ ਅਤੇ ਦੋ ਚੌਕੇ ਸ਼ਾਮਲ ਹਨ। ਸਟੀਵ ਸਮਿੱਥ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਉਹ ਮਿਸਤਾਫ਼ਿਜ਼ੁਰ ਦੇ ਓਵਰ ਦੀ ਦੂਜੀ ਗੇਂਦ ’ਤੇ ਐਲਬੀਡਬਲਯੂ ਆਊਟ ਹੋ ਗਿਆ।
ਮੀਂਹ ਕਾਰਨ ਮੈਚ ਨੂੰ ਉਸ ਸਮੇਂ ਰੋਕਣਾ ਪਿਆ, ਜਦੋਂ ਇੱਕ ਓਵਰ ਰਹਿ ਗਿਆ ਸੀ। ਉਸ ਮਗਰੋਂ ਮਾਰਕਸ ਸਟੋਈਨਿਸ (17 ਦੌੜਾਂ) ਅਤੇ ਅਲੈਕਸ ਕੈਰੀ (11 ਦੌੜਾਂ) ਨੇ ਆਖ਼ਰੀ ਓਵਰ ਵਿੱਚ ਮੁਸਤਾਫ਼ਿਜ਼ੁਰ ਰਹਿਮਾਨ ਦੇ ਓਵਰ ਵਿੱਚ 13 ਦੌੜਾਂ ਲਈਆਂ। ਆਸਟਰੇਲੀਆ ਦਾ ਵਿਸ਼ਵ ਕੱਪ ਵਿੱਚ ਇਹ ਦੂਜਾ ਸਰਵੋਤਮ ਸਕੋਰ ਹੈ। ਮੱਧਮ ਤੇਜ਼ ਗੇਂਦਬਾਜ਼ ਸੌਮਿਆ ਸਰਕਾਰ ਨੇ 58 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਰਹਿਮਾਨ ਨੂੰ ਇੱਕ ਵਿਕਟ ਮਿਲੀ। ਸ਼ੁਰੂਆਤੀ ਸਪੈਲ ਵਿੱਚ ਮਸ਼ਰਫ਼ੀ ਮੋਰਤਜ਼ਾ ਅਤੇ ਰਹਿਮਾਨ ਨੇ ਅਨੁਸ਼ਾਸਿਤ ਗੇਂਦਬਾਜ਼ੀ ਕੀਤੀ। ਦੂਜੇ ਪਾਸੇ ਵਾਰਨਰ ਅਤੇ ਫਿੰਚ ਨੇ ਵੀ ਕੋਈ ਜ਼ੋਖ਼ਮ ਨਾ ਲੈਂਦਿਆਂ ਛੇ ਤੋਂ ਘੱਟ ਦੀ ਔਸਤ ਨਾਲ ਦੌੜਾਂ ਬਣਾਈਆਂ।
ਸਪਿੰਨਰ ਸ਼ਾਕਿਬ-ਅਲ-ਹਸਨ ਅਤੇ ਮੇਹਦੀ ਹਸਨ ਦੇ ਆਉਣ ਮਗਰੋਂ ਬੱਲੇਬਾਜ਼ਾਂ ਨੇ ਹੱਥ ਖੋਲ੍ਹੇ। ਵਾਰਨਰ ਨੇ ਸ਼ਾਕਿਬ ਨੂੰ ਅਤੇ ਫਿੰਚ ਨੇ ਹਸਨ ਨੂੰ ਲਗਾਤਾਰ ਦੋ ਛੱਕੇ ਮਾਰੇ। ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਨੇ ਚੰਗੀ ਗੇਂਦਬਾਜ਼ੀ ਕੀਤੀ, ਪਰ ਉਦੋਂ ਤੱਕ ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਅਰਧ ਸੈਂਕੜੇ ਪੂਰੇ ਹੋ ਚੁੱਕੇ ਲਏ ਸਨ। ਆਸਟਰੇਲੀਆ ਦੀ ਪਹਿਲੀ ਵਿਕਟ 121 ਦੇ ਸਕੋਰ ’ਤੇ ਡਿੱਗੀ। ਸਰਕਾਰ ਨੇ ਫਿੰਚ ਨੂੰ 21ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ।

LEAVE A REPLY

Please enter your comment!
Please enter your name here