Manchester: India's MS Dhoni, left, and Hardik Pandya run between the wickets to score during the Cricket World Cup match between India and West Indies at Old Trafford in Manchester, England, Thursday, June 27, 2019. AP/PTI(AP6_27_2019_000190A)

ਮੈਨਚੈਸਟਰ-ਭਾਰਤ ਨੇ ਅੱਜ ਇੱਥੇ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਲੀਗ ਮੁਕਾਬਲੇ ਵਿਚ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਹਾਰਦਿਕ ਪਾਂਡਿਆ ਵੱਲੋਂ ਖੇਡੀਆਂ ਗਈਆਂ ਅਹਿਮ ਪਾਰੀਆਂ ਅਤੇ ਮੁਹੰਮਦ ਸ਼ਮੀ ਵੱਲੋਂ ਲਈਆਂ ਗਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਵੱਲੋਂ ਜਿੱਤ ਲਈ ਦਿੱਤੇ ਗਏ 269 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ 34.2 ਓਵਰਾਂ ’ਚ 143 ਦੌੜਾਂ ਬਣਾ ਕੇ ਢੇਰ ਹੋ ਗਈ।
ਵਿੰਡੀਜ਼ ਲਈ ਸੁਨੀਲ ਅੰਬਰੀਸ ਨੇ ਸਭ ਤੋਂ ਵੱਧ 31 ਦੌੜਾਂ, ਨਿਕੋਲਸ ਪੂਰਨ ਨੇ 28 ਅਤੇ ਸ਼ਿਮਰੋਨ ਹੈੱਟਮੇਅਰ ਨੇ 28 ਦੌੜਾਂ ਬਣਾਈਆਂ। ਕ੍ਰਿਸ ਗੇਲ ਨਾਲ ਛੇ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਜਿੱਤ ਨਾਲ ਭਾਰਤੀ ਟੀਮ ਛੇ ਮੈਚਾਂ ਵਿੱਚ ਗਿਆਰਾਂ ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ, ਉੱਥੇ ਹੀ ਵੈਸਟ ਇੰਡੀਜ਼ ਦੀ ਸੱਤ ਮੈਚਾਂ ’ਚ ਪੰਜਵੀਂ ਹਾਰ ਨਾਲ ਅੱਗੇ ਵਧਣ ਦੀਆਂ ਆਸਾਂ ਟੁੱਟ ਗਈਆਂ।
ਕਪਤਾਨ ਵਿਰਾਟ ਕੋਹਲੀ ਦੀ ਰਿਕਾਰਡਾਂ ਨਾਲ ਭਰੀ ਪਾਰੀ ਤੇ ਮਹਿੰਦਰ ਸਿੰਘ ਧੋਨੀ ਦੇ ਨਾਬਾਦ ਅਰਧਸੈਂਕੜੇ ਨਾਲ ਭਾਰਤੀ ਟੀਮ ਨੇ ਅੱਜ ਇੱਥੇ ਵਿਸ਼ਵ ਕੱਪ ਮੈਚ ਵਿੱਚ ਵੈਸਟ ਇੰਡੀਜ਼ ਦੀ ਕੱਸੀ ਹੋਈ ਗੇਂਦਬਾਜ਼ੀ ਸਾਹਮਣੇ ਸੱਤ ਵਿਕਟਾਂ ’ਤੇ 268 ਦੌੜਾਂ ਬਣਾਈਆਂ। ਭਾਰਤ ਵੱਲੋਂ ਸਿਰਫ਼ ਦੋ ਅਰਧਸੈਂਕੜੇ ਵਾਲੀਆਂ ਸਾਂਝੇਦਾਰੀਆਂ ਨਿਭਾਈਆਂ ਗਈਆਂ। ਕੋਹਲੀ (82 ਗੇਂਦਾਂ ’ਤੇ 72 ਦੌੜਾਂ) ਤੇ ਕੇਐੱਲ ਰਾਹੁਲ (64 ਗੇਂਦਾਂ ’ਤੇ 48 ਦੌੜਾਂ) ਨੇ ਦੂਜੇ ਵਿਕਟ ਲਈ 69 ਅਤੇ ਧੋਨੀ (61 ਗੇਂਦਾਂ ’ਤੇ ਨਾਬਾਦ 56 ਦੌੜਾਂ) ਤੇ ਹਾਰਦਿਕ ਪਾਂਡਿਆ (38 ਗੇਂਦਾਂ ’ਤੇ 46 ਦੌੜਾਂ) ਨੇ ਛੇਵੇਂ ਵਿਕਟ ਲਈ 70 ਦੌੜਾਂ ਜੋੜੀਆਂ। ਵੈਸਟ ਇੰਡੀਜ਼ ਵੱਲੋਂ ਕੇਮਾਰ ਰੋਚ (36 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਕਪਤਾਨ ਜੈਸਨ ਹੋਲਡਰ (33 ਦੌੜਾਂ ਦੇ ਕੇ ਦੋ ਵਿਕਟਾਂ) ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ। ਸ਼ੈਲਡਨ ਕੌਟਰੈੱਲ (50 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋਵਾਂ ਵਿਕਟਾਂ ਆਪਣੇ ਆਖ਼ਰੀ ਓਵਰ ’ਚ ਲਈਆਂ। ਕੋਹਲੀ ਨੇ ਲਗਾਤਾਰ ਚੌਥੀ ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ਦੌਰਾਨ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਘੱਟ ਮੈਚਾ ’ਚ 20 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਬਣਾਇਆ।
ਉਹ ਹਾਲਾਂਕਿ ਚੌਥੇ ਮੈਚ ’ਚ ਅਰਧ ਸੈਂਕੜੇ ਨੂੰ ਸੈਂਕੜੇ ’ਚ ਬਦਲਣ ’ਚ ਨਾਕਾਮ ਰਿਹਾ। ਉਸ ਨੇ ਆਪਣੀ ਪਾਰੀ ’ਚ ਅੱਠ ਚੌਕੇ ਮਾਰੇ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਉਸ ਨੇ ਨਿਯਮਤ ਫ਼ਰਕ ਨਾਲ ਵਿਕਟਾਂ ਗੁਆਈਆਂ। ਅਸਲ ’ਚ ਬੱਲੇਬਾਜ਼ੀ ਕ੍ਰਮ ’ਚ ਚੌਥੇ ਤੇ ਪੰਜਵੇਂ ਨੰਬਰ ਦੀ ਜਿਸ ਕਮਜ਼ੋਰੀ ਦੀ ਚਰਚਾ ਟੂਰਨਾਮੈਂਟ ਤੋਂ ਪਹਿਲਾਂ ਕੀਤੀ ਜਾ ਰਹੀ ਸੀ, ਉਹ ਇਸ ਮੈਚ ’ਚ ਖੁੱਲ੍ਹ ਕੇ ਸਾਹਮਣੇ ਆ ਗਈ।
ਵਿਜੇ ਸ਼ੰਕਰ (14) ਰੋਚ ਦੀ ਫੁੱਲਲੈਂਥ ਗੇਂਦ ਖੇਡਣ ਲਈ ਸਹੀ ਤਰ੍ਹਾਂ ਲਾਈਨ ’ਚ ਨਹੀਂ ਆਇਆ ਅਤੇ ਉਸ ਤੋਂ ਬਾਅਦ ਜ਼ਿੰਮੇਵਾਰੀ ਸੰਭਾਲਣ ਵਾਲੇ ਕੇਦਾਰ ਜਾਧਵ (07) ਨੇ ਵੀ ਵਿਕਟ ਗੁਆਈ। ਜਾਧਵ ਨੂੰ ਅੰਪਾਇਰ ਨੇ ਆਊਟ ਨਹੀਂ ਦਿੱਤਾ ਸੀ ਪਰ ਵੈਸਟ ਇੰਡੀਜ਼ ਨੇ ਡੀਆਰਐੱਸ ਲਿਆ ਅਤੇ ਰੀਪਲੇਅ ਨਾਲ ਸਾਫ਼ ਹੋ ਗਿਆ ਕਿ ਗੇਂਦ ਬੱਲੇ ਨਾਲ ਲੱਗ ਕੇ ਵਿਕਟ ਕੀਪਰ ਸ਼ਾਈ ਹੋਪ ਕੋਲ ਪਹੁੰਚੀ ਸੀ। ਇਸ ਤੋਂ ਪਹਿਲਾਂ ਹਾਲਾਂਕਿ ਰੋਹਿਤ ਸ਼ਰਮਾ (18) ਖ਼ਿਲਾਫ਼ ਡੀਆਰਐੱਸ ’ਤੇ ਤੀਜੇ ਅੰਪਾਇਰ ਦਾ ਫ਼ੈਸਲਾ ਵਿਵਾਦਤ ਰਿਹਾ ਸੀ। ਪਹਿਲੇ ਪੰਜ ਓਵਰਾਂ ’ਚ ਸੰਭਲ ਕੇ ਖੇਡਣ ਤੋਂ ਬਾਅਦ ਰੋਹਿਤ ਨੇ ਛੇਵੇਂ ਓਵਰ ’ਚ ਰੋਚ ਦੀ ਗੇਂਦ ’ਤੇ ਛੱਕਾ ਮਾਰਿਆ ਪਰ ਇਸੇ ਓਵਰ ’ਚ ਗੁੱਡਲੈਂਥ ਗੇਂਦ ਉਸ ਦੇ ਬੱਲੇ ਨੇੜਿਓਂ ਲੰਘੀ। ਮੈਦਾਨੀ ਅੰਪਾਇਰ ਨੇ ਰੋਹਿਤ ਨੂੰ ਨਾਬਾਦ ਦੇ ਦਿੱਤਾ ਜਿਸ ਤੋਂ ਬੱਲੇਬਾਜ਼ ਵੀ ਹੈਰਾਨ ਸੀ।
ਕੋਹਲੀ ਨੇ ਰਾਹੁਲ ਨਾਲ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਹੋਲਡਰ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਇਕ ਬਿਹਤਰੀਨ ਗੇਂਦ ’ਤੇ ਰਾਹੁਲ ਨੂੰ ਬਾਊਲਡ ਕਰ ਦਿੱਤਾ। ਡੈੱਥ ਓਵਰਾਂ ’ਚ ਧੋਨੀ ਤੇ ਪਾਂਡਿਆ ਕਰੀਜ਼ ’ਤੇ ਸਨ। ਪਾਂਡਿਆ ਨੇ ਲੰਬਾ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਹੀ ਕੈਚ ਦੇ ਦਿੱਤੀ। ਉਸ ਨੇ ਪੰਜ ਚੌਕੇ ਮਾਰੇ। ਧੋਨੀ ਨੇ ਆਖਰੀ ਓਵਰ ’ਚ ਦੋ ਛੱਕੇ ਮਾਰ ਕੇ ਭਾਰਤ ਦਾ ਸਕੋਰ ਅਤੇ ਆਪਣਾ ਸਟਰਾਈਕ ਰੇਟ ਸੁਧਾਰਿਆ।

LEAVE A REPLY

Please enter your comment!
Please enter your name here