ਲੰਡਨ — ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲੰਡਨ ਵਿਚ ਪੱਤਰਕਾਰ ਸੰਮੇਲਨ ਵਿਚ ਸ਼ਾਮਲ ਹੋਏ। ਇੱਥੇ ਇਕ ਕੈਨੇਡੀਅਨ ਪੱਤਰਕਾਰ ਨੇ ਸੰਬੋਧਨ ਦੌਰਾਨ ਕੁਰੈਸ਼ੀ ਨੂੰ ਅੱਧ ਵਿਚਾਲੇ ਹੀ ਰੋਕ ਦਿੱਤਾ। ਪੱਤਰਕਾਰ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਸ਼ਿਕਾਇਤਾਂ ਦੇ ਬਾਅਦ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ। ਕੁਰੈਸ਼ੀ ਵੀਰਵਾਰ ਨੂੰ ਇੱਥੇ ‘ਮੀਡੀਆ ਦੀ ਆਜ਼ਾਦੀ ਦੀ ਰੱਖਿਆ ਕਰੋ’ ‘ਤੇ ਇਕ ਪੱਤਰਕਾਰ ਸੰਮੇਲਨ ਕਰ ਰਹੇ ਸਨ, ਉਸ ਸਮੇਂ ਇਹ ਘਟਨਾ ਵਾਪਰੀ।
ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਜੇਲ ਵਿਚ ਬੰਦ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਇੰਟਰਵਿਊ ਦੇ ਪ੍ਰਸਾਰਣ ਲਈ ਤਿੰਨ ਨਿੱਜੀ ਟੀ.ਵੀ. ਚੈਨਲਾਂ ਦਾ ਟਰਾਂਸਮਿਸ਼ਨ ਰੱਦ ਕਰ ਦਿੱਤਾ ਸੀ। ਇਹ ਕਦਮ ਉਦੋਂ ਚੁਕਿਆ ਗਿਆ ਜਦੋਂ ਪਾਕਿਸਤਾਨ ਸਰਕਾਰ ਨੇ ਜੇਲ ਵਿਚ ਬੰਦ ਨੇਤਾਵਾਂ ਜਿਵੇਂ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਜ਼ਰਦਾਰੀ ਨੂੰ ਪ੍ਰੈੱਸ ਵਿਚ ਦਿੱਤੀ ਜਾ ਰਹੀ ਕਵਰੇਜ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here