The Prime Minister of India, Narendra Modi meeting the President of India,Ram Nath Kovind at Rashtrapati Bhavan on 25-05-19. The Prime Minister tendered his resignation along with the Union Council of Ministers. photo by RB

ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਜ਼ਬਰਦਸਤ ਬਹੁਮੱਤ ਨਾਲ ਮੁੜ ਸੱਤਾ ਵਿਚ ਪਰਤੀ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਲਈ ਕਵਾਇਦ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਕੈਬਨਿਟ ਦੀ ਸਿਫ਼ਾਰਸ਼ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਮੋਦੀ ਕੈਬਨਿਟ ਨੂੰ ਵਿਦਾਇਗੀ ਭੋਜ ਦਿੱਤਾ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਹੇਠ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਭਲਕੇ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਮੀਟਿੰਗ ਸੰਸਦ ਦੇ ਕੇਂਦਰੀ ਹਾਲ ਵਿਚ ਸ਼ਾਮ 5 ਵਜੇ ਹੋਵੇਗੀ। ਮੋਦੀ ਦੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਨਰਿੰਦਰ ਮੋਦੀ ਨੂੰ ਪਹਿਲਾਂ ਹੀ ਗੱਠਜੋੜ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਚੁੱਕਾ ਹੈ। ਇਸ ਲਈ ਮੀਟਿੰਗ ਮਹਿਜ਼ ਰਸਮੀ ਹੈ। ਇਸ ਤੋਂ ਬਾਅਦ ਮੋਦੀ ਰਾਸ਼ਟਰਪਤੀ ਅੱਗੇ ਦੁਬਾਰਾ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਣੇ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰਪਤੀ ਨੂੰ ਸਮੂਹਿਕ ਅਸਤੀਫ਼ਾ ਸੌਂਪਿਆ ਤੇ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਸ਼ਟਰਪਤੀ ਨੇ ਸਾਰਿਆਂ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਬਣਨ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ। ਨਵੀਂ ਲੋਕ ਸਭਾ ਦਾ ਗਠਨ ਤਿੰਨ ਜੂਨ ਤੱਕ ਕੀਤਾ ਜਾਣਾ ਹੈ। ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੇ ਸਾਰੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸ਼ਨਿਚਰਵਾਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਨਵੀਂ ਕੈਬਨਿਟ ਵਿਚ ਸਹਿਯੋਗੀ ਪਾਰਟੀਆਂ ਨੂੰ ਸ਼ਾਮਲ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਐੱਨਡੀਏ ਦੇ ਸਮਰਥਕ ਦਲਾਂ ਦੇ ਆਗੂਆਂ ਨਾਲ ਵਿਚਾਰ ਕਰਨਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ। ਇਸ ਵਾਰ ਵੀ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਸਮਾਰੋਹ ਵਿਚ ਬੁਲਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਭਾਜਪਾ ਸੰਸਦੀ ਦਲ ਦੀ ਮੀਟਿੰਗ ਵੀ ਭਲਕੇ ਹੋਣ ਜਾ ਰਹੀ ਹੈ। -ਪੀਟੀਆਈ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਜਪਾ ਦੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕਰਨ ਤੋਂ ਬਾਅਦ ਨਜ਼ਰਾਂ ਹੁਣ ਸਰਕਾਰ ਦੇ ਗਠਨ ਦੇ ਟਿਕ ਗਈਆਂ ਹਨ। ਅਜਿਹੀਆਂ ਕਿਆਸਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਸਰਕਾਰ ਵਿਚ ਅਮਿਤ ਸ਼ਾਹ ਸਮੇਤ ਕਈ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਜਾ ਸਕਦੀ ਹੈ। ਪਾਰਟੀ ਦੇ ਕਈ ਆਗੂਆਂ ਦਾ ਅਜਿਹਾ ਵਿਚਾਰ ਹੈ ਕਿ ਸ਼ਾਹ ਮੰਤਰੀ ਮੰਡਲ ਵਿਚ ਸ਼ਾਮਲ ਹੋਣਗੇ ਤੇ ਉਨ੍ਹਾਂ ਨੂੰ ਗ੍ਰਹਿ, ਵਿੱਤ, ਵਿਦੇਸ਼ ਜਾਂ ਰੱਖਿਆ ਮੰਤਰਾਲੇ ਵਿਚੋਂ ਕੋਈ ਵੀ ਮੰਤਰਾਲਾ ਦਿੱਤਾ ਜਾ ਸਕਦਾ ਹੈ। ਸ਼ਾਹ ਦਾ ਨਾਂ ਉਪ ਪ੍ਰਧਾਨ ਮੰਤਰੀ ਲਈ ਵੀ ਵਿਚਾਰਿਆ ਜਾ ਸਕਦਾ ਹੈ। ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਦੇ ਮੰਤਰੀ ਮੰਡਲ ਵਿਚ ਹੋਣ ਦੀ ਸੰਭਾਵਨਾ ਮੱਧਮ ਹੈ। ਵਿੱਤ ਮੰਤਰੀ ਅਰੁਣ ਜੇਤਲੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸਿਹਤ ਨਾਸਾਜ਼ ਹੋਣ ਕਾਰਨ ਨਵੀਂ ਸਰਕਾਰ ਵਿਚ ਉਨ੍ਹਾਂ ਦੇ ਮੰਤਰੀ ਵਜੋਂ ਸ਼ਾਮਲ ਹੋਣ ਬਾਰੇ ਖ਼ਦਸ਼ੇ ਜਤਾਏ ਜਾ ਰਹੇ ਹਨ। ਜੇਤਲੀ ਰਾਜ ਸਭਾ ਦੇ ਮੈਂਬਰ ਹਨ ਤੇ ਉਹ 2014 ਦੀਆਂ ਚੋਣਾਂ ਵਿਚ ਅੰਮ੍ਰਿਤਸਰ ਸੀਟ ਤੋਂ ਹਾਰ ਗਏ ਸਨ। ਸੁਸ਼ਮਾ ਸਵਰਾਜ ਨੇ ਪਿਛਲੀ ਚੋਣ ਮੱਧ ਪ੍ਰਦੇਸ਼ ਦੇ ਵਿਦੀਸ਼ਾ ਤੋਂ ਜਿੱਤੀ ਸੀ। ਹਾਲਾਂਕਿ ਇਸ ਵਾਰ ਉਨ੍ਹਾਂ ਚੋਣ ਨਹੀਂ ਲੜੀ। ਦੋਵਾਂ ਆਗੂਆਂ ਨੇ ਫ਼ਿਲਹਾਲ ਨਵੀਂ ਸਰਕਾਰ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਚੋਣ ਪ੍ਰਚਾਰ ਦੌਰਾਨ ਸ਼ਾਹ ਨੇ ਵੀ ਇਸ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲ ਦਿੱਤਾ ਸੀ ਤੇ ਫ਼ੈਸਲਾ ਪਾਰਟੀ ਤੇ ਪ੍ਰਧਾਨ ਮੰਤਰੀ ’ਤੇ ਛੱਡਿਆ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਦੀ ਭੂਮਿਕਾ ਵੀ ਅਹਿਮ ਹੋ ਸਕਦੀ ਹੈ। ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਪਿਊਸ਼ ਗੋਇਲ, ਨਰੇਂਦਰ ਸਿੰਘ ਤੋਮਰ ਤੇ ਪ੍ਰਕਾਸ਼ ਜਾਵੜੇਕਰ ਦੇ ਵੀ ਕੈਬਨਿਟ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ। ਅਕਾਲੀ ਦਲ, ਜੇਡੀ (ਯੂ) ਤੇ ਸ਼ਿਵ ਸੈਨਾ ਨੂੰ ਕੈਬਨਿਟ ਵਿਚ ਨੁਮਾਇੰਦਗੀ ਦੇਣ ਬਾਰੇ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ। ਪੱਛਮੀ ਬੰਗਾਲ, ਉੜੀਸਾ ਤੇ ਤਿਲੰਗਾਨਾ ’ਚੋਂ ਵੀ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਕਈ ਨੌਜਵਾਨ ਚਿਹਰੇ ਵੀ ਕੈਬਨਿਟ ਵਿਚ ਨਜ਼ਰ ਆ ਸਕਦੇ ਹਨ। ਜੀਵੀਐੱਲ ਨਰਸਿਮ੍ਹਾ ਰਾਓ ਤੇ ਕੈਲਾਸ਼ ਵਿਜੈਵਰਗੀਆ ਨੂੰ ਵੀ ਮੌਕਾ ਮਿਲ ਸਕਦਾ ਹੈ। –

LEAVE A REPLY

Please enter your comment!
Please enter your name here