ਲੁਧਿਆਣਾ-ਸਨਅਤੀ ਸ਼ਹਿਰ ਦੇ ਫੋਕਲ ਪੁਆਇੰਟ ਫੇਜ਼ ਪੰਜ ਦੀ ਕੱਪੜਾ ਫੈਕਟਰੀ ’ਚ ਵੀਰਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਕੁੱਝ ਹੀ ਸਮੇਂ ਵਿੱਚ ਫੈਕਟਰੀ ਦੀਆਂ ਤਿੰਨ ਮੰਜ਼ਿਲਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਾਰੀ ਰਾਤ ਅੱਗ ’ਤੇ ਕਾਬੂ ਪਾਉਂਦੇ ਰਹੇ ਪਰ ਸਵੇਰ ਤੱਕ ਫੈਕਟਰੀ ਦੇ ਦੋਵੇਂ ਹਿੱਸੇ ਡਿੱਗ ਗਏ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ 100 ਤੋਂ ਵੱਧ ਗੱਡੀਆਂ ਲਾਈਆਂ ਤੇ ਦੁਪਹਿਰ 12 ਵਜੇ ਤਕ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਫੈਕਟਰੀ ’ਚ ਪਿਆ ਲੱਖਾਂ ਰੁਪਏ ਦਾ ਕੱਪੜਾ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ’ਚ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਗੁਰਿੰਦਰ ਸਿੰਘ ਤੇ ਸੰਦੀਪ ਸਿੰਘ ਵਜੋਂ ਹੋਈ ਹੈ। ਦੋਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਹੈ ਪਰ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ।
ਜਾਣਕਾਰੀ ਅਨੁਸਾਰ ਦੇਰ ਰਾਤ ਫੈਕਟਰੀ ਦੇ ਮਾਲਕ ਘਰ ਚਲੇ ਗਏ। ਇਸੇ ਦੌਰਾਨ ਪਿੱਛੋਂ ਕੁਝ ਲੋਕ ਕੰਮ ਕਰ ਰਹੇ ਸਨ। ਇਸੇ ਦੌਰਾਨ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਮਜ਼ਦੂਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਤਿੰਨੇ ਮੰਜ਼ਿਲਾਂ ਅੱਗ ਦੀ ਲਪੇਟ ’ਚ ਆ ਗਈਆਂ। ਫੈਕਟਰੀ ਦੀ ਦੂਸਰੀ ਮੰਜ਼ਿਲ ’ਤੇ ਬੁਆਇਲਰ ਪਿਆ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉਥੇ ਅੱਗ ’ਤੇ ਕਾਬੂ ਪਾਉਣ ’ਚ ਲੱਗੇ ਰਹੇ ਤਾਂ ਕਿ ਧਮਾਕੇ ਤੋਂ ਬਾਅਦ ਵੱਡਾ ਨੁਕਸਾਨ ਨਾ ਹੋਵੇ। ਫੈਕਟਰੀ ਦਾ ਇੱਕ ਹਿੱਸਾ ਦੇਰ ਰਾਤ ਢਾਈ ਕੁ ਵਜੇ ਡਿੱਗ ਗਿਆ। ਫੈਕਟਰੀ ਦਾ ਦੂਜਾ ਹਿੱਸਾ ਸਵੇਰੇ ਸੱਤ ਵਜੇ ਡਿੱਗਿਆ ਤੇ ਪੂਰੀ ਫੈਕਟਰੀ ਮਲਬੇ ’ਚ ਤਬਦੀਲ ਹੋ ਗਈ। ਫੈਕਟਰੀ ਦਾ ਹਿੱਸਾ ਡਿੱਗਣ ਤੋਂ ਬਾਅਦ ਦੋ ਫਾਇਰ ਬ੍ਰਿਗੇਡ ਮੁਲਾਜ਼ਮ ਜ਼ਖਮੀ ਹੋ ਗਏ।ਜ਼ਿਲ੍ਹਾ ਫਾਇਰ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਾ। ਇਥੇ 100 ਤੋਂ ਉਪਰ ਗੱਡੀਆਂ ਦਾ ਪਾਣੀ ਪਾਇਆ ਗਿਆ ਤੇ ਕਈ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

LEAVE A REPLY

Please enter your comment!
Please enter your name here