ਨਵੀਂ ਦਿੱਲੀ-ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਵਿੱਚ ਬੇਚੈਨੀ ਹੈ। ਇੱਕ ਪਾਸੇ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ ਅਤੇ ਦੂਜੇ ਪਾਸੇ ਪਾਰਟੀ ਦੀਆਂ ਰਾਜਸਥਾਨ ਅਤੇ ਕਰਨਾਟਕ ਵਿੱਚ ਸੂਬਾ ਸਰਕਾਰਾਂ ਬਾਰੇ ਅਨਿਸ਼ਸਚਤਤਾ ਬਣੀ ਹੋਈ ਹੈ।
ਹਾਰ ਮਗਰੋਂ ਪਾਰਟੀ ਵਿਚ ਫੈਲੀ ਬੇਚੈਨੀ ਦੌਰਾਨ ਪਾਰਟੀ ਦੇ ਕਈ ਸੂਬਾ ਪ੍ਰਧਾਨਾਂ, ਜਿਨ੍ਹਾਂ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ, ਝਾਰਖੰਡ ਤੋਂ ਅਜੈ ਕੁਮਾਰ ਅਤੇ ਅਸਾਮ ਤੋਂ ਰਿਪੁਨ ਬੋਰਾ ਸ਼ਾਮਲ ਹਨ, ਨੇ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਾਂਗਰਸ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ ਅਤੇ ਉਨ੍ਹਾਂ ਵਲੋਂ ਕਈ ਆਗੂਆਂ ਨੂੰ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਪਾਰਟੀ ਦੀ ਪ੍ਰਧਾਨਗੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾਵੇ।
ਨਵੀਂ ਦਿੱਲੀ: ਕੁਨਬਾਪ੍ਰਸਤੀ ਤੋਂ ਖ਼ਫ਼ਾ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਰਾਹੁਲ ਗਾਂਧੀ ਨੇ ਸਵੇਰੇ 11.30 ਵਜੇ ਆਪਣੀ ਰਿਹਾਇਸ਼ ’ਤੇ ਅਸ਼ੋਕ ਗਹਿਲੋਤ ਨੂੰ ਮੁਲਾਕਾਤ ਲਈ ਸਮਾਂ ਦਿੱਤਾ ਸੀ ਪਰ ਐਨ ਮੌਕੇ ’ਤੇ ਉਨ੍ਹਾਂ ਨੇ ਗਹਿਲੋਤ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰਨ ਲਈ ਆਖਿਆ। ਸੂਤਰਾਂ ਅਨੁਸਾਰ ਗਹਿਲੋਤ ਵਲੋਂ ਪਹਿਲਾਂ ਵੇਣੂਗੋਪਾਲ ਨਾਲ ਅਤੇ ਫਿਰ ਪਾਰਟੀ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਗਈ। ਦੱਸਣਯੋਗ ਹੈ ਕਿ ਰਾਜਸਥਾਨ ਵਿੱਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕੋਈ ਸੀਟ ਨਹੀਂ ਮਿਲੀ।

LEAVE A REPLY

Please enter your comment!
Please enter your name here