ਪਟਿਆਲਾ-ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬੱਚਾ ਵਿਭਾਗ ’ਚ ਇਕ ਗਰਭਵਤੀ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ। ਮਹਿਲਾ ਦੇ ਗਰਭ ਵਿਚਲੇ ਬੱਚੇ ਦੀ ਮੌਤ ਬਰਨਾਲਾ ਵਿਚਲੇ ਇਕ ਹਸਪਤਾਲ ਵਿਚ ਹੀ ਹੋ ਗਈ ਸੀ, ਜਿੱਥੋਂ ਰੈਫਰ ਕਰ ਕੇ ਉਸ ਨੂੰ ਪਟਿਆਲਾ ਭੇਜਿਆ ਗਿਆ ਸੀ। ਰੋਹ ’ਚ ਆਏ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ’ਤੇ ਅਣਗਹਿਲੀ ਦੇ ਦੋਸ਼ ਲਾਉਂਦਿਆਂ ਹੰਗਾਮਾ ਕੀਤਾ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਦੀ ਵਸਨੀਕ ਗਰਭਵਤੀ ਮਹਿਲਾ ਪਰਮਿੰਦਰ ਕੌਰ (28) ਨੂੰ ਬੀਤੇ ਦਿਨ ਬਰਨਾਲਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਉੱਥੇ ਉਸ ਦੇ ਬੱਚੇ ਦੀ ਪੇਟ ਵਿਚ ਹੀ ਮੌਤ ਹੋ ਗਈ ਸੀ। ਇਸ ਕਰਕੇ ਉਸ ਨੂੰ ਉੱਥੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਪਰਮਿੰਦਰ ਕੌਰ ਦੀ ਵੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਕਾਫ਼ੀ ਹੰਗਾਮਾ ਵੀ ਕੀਤਾ। ਸੂਚਨਾ ਮਿਲਣ ’ਤੇ ਪੁਲੀਸ ਚੌਕੀ ਰਾਜਿੰਦਰਾ ਹਸਪਤਾਲ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਘਟਨਾ ਸਥਾਨ ’ਤੇ ਪੁੱਜ ਗਏ।
ਦੂਜੇ ਪਾਸੇ ਹਸਪਤਾਲ ਦੇ ਗਾਇਨੀ ਵਿਭਾਗ ਦੀ ਮੁਖੀ ਡਾਕਟਰ ਮਨਜੀਤ ਕੌਰ ਮੋਹੀ ਨੇ ਡਾਕਟਰੀ ਅਣਗਹਿਲੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਇਲਾਜ ਦੌਰਾਨ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡਾਕਟਰ ਹਮੇਸ਼ਾ ਆਪਣੇ ਮਰੀਜ਼ ਦੀ ਤੰਦਰੁਸਤੀ ਹੀ ਲੋਚਦਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮੌਤ ਇੱਥੇ ਪੁੱਜਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ।

LEAVE A REPLY

Please enter your comment!
Please enter your name here