Srinagar: Jammu and Kashmir Governor Satya Pal Malik addresses a press conference, in Srinagar, Wednesday, June 12, 2019. (PTI Photo/S. Irfan)(PTI6_12_2019_000074B)

ਨਵੀਂ ਦਿੱਲੀ/ਸ੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਛੇ ਮਹੀਨਿਆਂ ਲਈ ਵਧਾ ਦਿੱਤੀ ਹੈ। ਰਾਜ ਵਿੱਚ ਪਿਛਲੇ ਸਾਲ 20 ਜੂਨ ਤੋਂ ਰਾਸ਼ਟਰਪਤੀ ਰਾਜ ਲਾਗੂ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਵਾਨਗੀ ਮਗਰੋਂ ਕੈਬਨਿਟ ਦਾ ਇਹ ਫੈਸਲਾ 20 ਜੂਨ ਤੋਂ ਅਮਲ ਵਿੱਚ ਆ ਜਾਵੇਗਾ। ਉਧਰ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅੱਜ ਦਹਿਸ਼ਤਗਰਦਾਂ ਨੂੰ ਹਥਿਆਰ ਸੁੱਟ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਾਦ ਜ਼ਰੀਏ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਉਹ ਕੁਝ ਹਾਸਲ ਕੀਤਾ ਜਾ ਸਕਦਾ ਹੈ, ਜਿਸ ਦੀ ਉਹ (ਕੁਰਾਹੇ ਪਏ ਨੌਜਵਾਨ) ਇੱਛਾ ਰੱਖਦੇ ਹਨ। ਉਨ੍ਹਾਂ ਸਾਫ਼ ਕਰ ਦਿੱਤਾ ਭਾਰਤ ਹਿੰਸਾ ਅੱਗੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ (ਪਾਕਿਸਤਾਨ) ਨੂੰ ਅਹਿਸਾਸ ਹੈ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਲੰਮੇ ਸਮੇਂ ਤਕ ਮੂਰਖ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸੁਰੱਖਿਆ ਬਲ ਪੂਰੀ ਤਰ੍ਹਾਂ ਚੌਕਸ ਹਨ ਤੇ ਕੰਟਰੋਲ ਰੇਖਾ ਦੇ ਦਸ ਕਿਲੋਮੀਟਰ ਦੇ ਘੇਰੇ ਵਿੱਚ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਚੋਣਾਂ ਕਰਵਾਉਣ ਦਾ ਫ਼ੈਸਲਾ ਚੋਣ ਕਮਿਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀਆਂ ਧਾਰਾਵਾਂ 370 ਤੇ 35ਏ ਨਾਲ ਛੇੜਛਾੜ ਬਾਬਤ ਫਿਕਰਮੰਦੀ ਦੀ ਕੋਈ ਲੋੜ ਨਹੀਂ। ਸ੍ਰੀ ਮਲਿਕ ਇਥੇ ਆਪਣੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਥੇ ਮੈਰਾਥਨ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ, ‘ਸਾਡੇ ਕੋਲੋਂ ਸਭ ਕੁਝ ਲੈ ਲਵੋ। ਅਸੀਂ ਪਿਆਰ ਤੇ ਸੰਵਾਦ ਨਾਲ ਆਪਣੀ ਜ਼ਿੰਦਗੀ ਦੇਣ ਲਈ ਵੀ ਤਿਆਰ ਹਾਂ। ਇਸ ਕੰਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤਿਆਰ ਹਨ ਤੇ ਅਸੀਂ ਵੀ। ਗੱਲਬਾਤ ਦੀ ਮੇਜ਼ ’ਤੇ ਆਓ ਤੇ ਇਸ ਨੂੰ ਅੱਗੇ ਲੈ ਕੇ ਜਾਓ।’ ਉਨ੍ਹਾਂ ਕਿਹਾ, ‘ਤੁਸੀਂ ਜੋ ਕੁਝ ਚਾਹੁੰਦੇ ਹੋ ਉਸ ਨੂੰ ਗੱਲਬਾਤ ਤੇ ਸੰਵਾਦ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਤੁਹਾਡਾ ਆਪਣਾ ਸੰਵਿਧਾਨ ਤੇ ਆਪਣਾ ਵੱਖਰਾ ਝੰਡਾ ਹੈ। ਇਸ ਤੋਂ ਵੱਧ ਕੁਝ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਜਮਹੂਰੀ ਅਮਲ ਰਾਹੀਂ ਅਤੇ ਭਾਰਤੀ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਮਿਲੇਗਾ।’
ਸ੍ਰੀ ਮਲਿਕ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਭਾਵੇਂ ਅੱਜ ਅਹਿਸਾਸ ਨਹੀਂ ਹੁੰਦਾ, ਪਰ ਦਸ ਸਾਲਾਂ ਮਗਰੋਂ ਉਨ੍ਹਾਂ ਨੂੰ ਗ਼ਲਤ ਰਾਹ ਚੁਣਨ ਦਾ ਅਫ਼ਸੋਸ ਰਹੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਭਾਰਤ ਨੂੰ ਹਿੰਸਾ ਨਾਲ ਨਹੀਂ ਝੁਕਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਅਤਿਵਾਦ ਦੀ ਹੋਂਦ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਨਹੀਂ ਬਲਕਿ ਇਸ ਦਾ ਇਕ ਕਾਰਨ ਸਿਆਸਤਦਾਨਾਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਗੁੰਮਰਾਹ ਕਰਨਾ ਵੀ ਹੈ। ਰਾਜਪਾਲ ਨੇ ਕਿਹਾ, ‘ਪੂਰੇ ਦੇਸ਼ ਵਿੱਚ ਬੇਰੁਜ਼ਗਾਰੀ ਹੈ, ਪਰ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਹਥਿਆਰ ਨਹੀਂ ਚੁੱਕੇ। ਇਥੇ ਗੱਲ ਕੁਝ ਹੋਰ ਹੈ। ਅਸਲ ਵਿੱਚ ਆਗੂਆਂ ਨੇ ਲੋਕਾਂ ਨੂੰ ਕਦੇ ਸੱਚ ਹੀ ਨਹੀਂ ਦੱਸਿਆ। ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਅਜਿਹੇ ਫ਼ਰਜ਼ੀ ਸੁਫ਼ਨੇ ਵਿਖਾਏ, ਜਿਹੜੇ ਕਦੇ ਪੂਰੇ ਨਹੀਂ ਹੋਣਗੇ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ‘ਆਜ਼ਾਦੀ’ ਦੇ ਨਾਲ ਕਈ ਵਾਰ ‘ਖੁ਼ਦਮੁਖ਼ਤਾਰੀ’ ਦਾ ਸੁਫ਼ਨਾ ਵੀ ਵਿਖਾਇਆ ਗਿਆ। ਉਨ੍ਹਾਂ ਕਿਹਾ, ‘ਜਦੋਂ ਇਹ ਤਰਕੀਬ ਕੰਮ ਨਾ ਕੀਤੀ ਤਾਂ ਉਨ੍ਹਾਂ ਨੂੰ ਕੱਟੜਵਾਦ ਦੇ ਰਾਹ ਜੰਨਤ ਦੇ ਸੁਫ਼ਨੇ ਵਿਖਾਏ ਗਏ। ਮੈਂ ਨੌਜਵਾਨਾਂ ਨੂੰ ਦੱਸਣਾ ਚਾਹਾਂਗਾ ਕਿ ਉਨ੍ਹਾਂ ਕੋਲ ਦੋ ਜੰਨਤਾਂ ਹਨ…ਇਕ ਕਸ਼ਮੀਰ ਅਤੇ ਜੇਕਰ ਉਹ ਚੰਗੇ ਮੁਸਲਮਾਨ ਬਣਦੇ ਹਨ, ਤਾਂ ਉਨ੍ਹਾਂ ਨੂੰ ਦੂਜੀ ਜੰਨਤ ਵੀ ਨਸੀਬ ਹੋਵੇਗੀ।’
ਕਸ਼ਮੀਰ ਵਿੱਚ ਇਲਸਾਲਿਕ ਸਟੇਟ ਦੀ ਮੌਜੂਦਗੀ ਬਾਰੇ ਰਾਜਪਾਲ ਨੇ ਕਿਹਾ ਕਿ ਇਹ ਸਭ ਕਸ਼ਮੀਰ ਨੂੰ ਤਬਾਹ ਕਰਨ ਦੇ ਜ਼ਰੀਏ ਹਨ। ਉਨ੍ਹਾਂ ਨੌਜਵਾਨਾਂ ਨੂੰ ਹਥਿਆਰ ਸੁੱਟਣ ਦੀ ਅਪੀਲ ਕਰਦਿਆਂ ਕਿਹਾ, ‘ਮੈਂ ਕਸ਼ਮੀਰ ਦੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਹਥਿਆਰ ਸੁੱਟਣ ਤੇ ਮੇਰੇ ਨਾਲ ਦੁਪਹਿਰ ਦੇ ਖਾਣੇ ਲਈ ਰਾਜ ਭਵਨ ਆਉਣ। ਉਹ ਮੈਨੂੰ ਦੱਸਣ ਕਿ ਜਿਹੜਾ ਰਾਹ ਉਨ੍ਹਾਂ ਚੁਣਿਆ ਹੈ, ਉਸ ’ਤੇ ਤੁਰ ਕੇ ਕਿਵੇਂ ਚੰਗਾ ਕਸ਼ਮੀਰ ਹਾਸਲ ਕੀਤਾ ਜਾ ਸਕਦਾ ਹੈ।’ ਉਨ੍ਹਾਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿਚ ਲਿਆਉਣ ਲਈ ਹੰਭਲਾ ਮਾਰਨ।
ਸੰਵਿਧਾਨ ਦੀ ਧਾਰਾ 370 ਤੇ 35ਏ ਨਾਲ ਛੇੜਛਾੜ ਬਾਬਤ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ’ਚ ਵਾਅਦੇ ਕੀਤੇ ਹਨ, ਪਰ ਇਸ ਬਾਰੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਜੰਮੂ ਤੇ ਕਸ਼ਮੀਰ ਦੇ ਅਸੈਂਬਲੀ ਹਲਕਿਆਂ ਦੀ ਮੁੜ ਹੱਦਬੰਦੀ ਦੀ ਰਿਪੋਰਟਾਂ ਨੂੰ ਅਫ਼ਵਾਹਾਂ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ।

LEAVE A REPLY

Please enter your comment!
Please enter your name here