Ranchi: Prime Minister Narendra Modi along with other participants performs yoga during a mass yoga event organised on the 5th International Day of Yoga, at Prabhat Tara Ground in Ranchi, Friday, June 21, 2019. (PTI Photo/Kamal Kishore) (PTI6_21_2019_000154A)

ਨਵੀਂ ਦਿੱਲੀ/ਰਾਂਚੀ-ਪੰਜਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਲੈ ਕੇ ਭਾਰਤੀ ਸੰਸਦ ਦੇ ਅਹਾਤੇ ਅਤੇ ਪੇਈਚਿੰਗ ਤੋਂ ਲੈ ਕੇ ਰਾਂਚੀ ਤੱਕ ਹਜ਼ਾਰਾਂ ਲੋਕਾਂ ਨੇ ਯੋਗ ਅਭਿਆਸ ਕਰ ਕੇ ਇਸ ਦਿਨ ਨੂੰ ਮਨਾਇਆ। ਇਸ ਵਾਰ ਦਾ ਥੀਮ ਪੁਰਾਤਨ ਸਿਹਤ ਪ੍ਰਣਾਲੀ ਸੀ ਤੇ ਯੋਗ ਨੂੰ ਪਸੰਦ ਕਰਨ ਵਾਲਿਆਂ ਨੇ ਕਈ ਮੁਲਕਾਂ ਦੀਆਂ ਰਾਜਧਾਨੀਆਂ ਤੇ ਭਾਰਤ ਦੇ ਕਸਬਿਆਂ ਤੇ ਪਿੰਡਾਂ ਵਿਚ ‘ਓਮ’ ਤੇ ‘ਸ਼ਾਂਤੀ’ ਦਾ ਜਾਪ ਕਰਦਿਆਂ ਸੌਖੇ ਤੇ ਕਠਿਨ ਆਸਣ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਸਮਾਗਮਾਂ ਦੀ ਅਗਵਾਈ ਕੀਤੀ। ਕੌਮੀ ਪੱਧਰ ਦਾ ਸਮਾਗਮ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਹੋਇਆ। ਇੱਥੇ ਪ੍ਰਧਾਨ ਮੰਤਰੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ 40,000 ਲੋਕਾਂ ਦੇ ਨਾਲ ਆਸਣ ਕੀਤੇ। ਮੋਦੀ ਨੇ ਲੋਕਾਂ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨੂੰ ਸ਼ਹਿਰਾਂ, ਪਿੰਡਾਂ ਤੇ ਆਦਿਵਾਸੀ ਇਲਾਕਿਆਂ ਤੱਕ ਲਿਜਾਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਯੋਗ ਧਰਮ, ਜਾਤ, ਰੰਗ, ਲਿੰਗ ਤੇ ਇਲਾਕਾਈ ਹੱਦਾਂ ਤੋਂ ਉੱਪਰ ਹੈ, ਇਹ ਸਭ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਰੰਤਰ ਹੈ ਤੇ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਯੋਗ ਦਾ ਭਾਵ ਸਥਿਰ ਤੇ ਇਕਸਾਰ ਰਿਹਾ ਹੈ- ਸਿਹਤਮੰਦ ਸਰੀਰ, ਸਥਿਰ ਮਨ, ਅਪਣੱਤ ਦਾ ਭਾਵ। ਕੇਂਦਰ ਸਰਕਾਰ ਦੇ ਮੰਤਰੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਸਮਾਗਮਾਂ ਵਿਚ ਹਿੱਸਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਰਾਜਪੱਥ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਯੋਗ ਕੀਤਾ। ਸ਼ਾਹ ਨੇ ਬਾਅਦ ਵਿਚ ਟਵੀਟ ਕਰਦਿਆਂ ਕਿਹਾ ਕਿ ਯੋਗ ਭਾਰਤ ਦੇ ਪੁਰਾਤਨ ਇਤਿਹਾਸ ਤੇ ਵਿਭਿੰਨਤਾ ਦਾ ਚਿੰਨ੍ਹ ਹੈ। ਇਹ ਵਿਸ਼ਵ ਨੂੰ ਸਿਹਤਮੰਦ ਰਹਿਣ ਦੇ ਰਾਹ ਪਾ ਰਿਹਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਭਵਨ ਕੰਪਲੈਕਸ ਵਿਚ ਨਵੇਂ ਚੁਣੇ ਮੈਂਬਰਾਂ, ਕੇਂਦਰੀ ਮੰਤਰੀਆਂ ਤੇ ਸਟਾਫ਼ ਨਾਲ ਯੋਗ ਅਭਿਆਸ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਭਵਨ ਦੇ ਹਾਲ ਵਿਚ ਯੋਗ ਦਿਵਸ ਦਾ ਹਿੱਸਾ ਬਣੇ ਤੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਇਤਿਹਾਸਕ ਲਾਲ ਕਿਲੇ ਵਿਚ ਰੱਖੇ ਪ੍ਰੋਗਰਾਮ ਵਿਚ ਹਿੱਸਾ ਲਿਆ। ਨਾਇਡੂ ਨੇ ਯੋਗ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਦੀ ਸਿਫ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਨਿੱਤ ਬਦਲ ਰਹੀ ਜੀਵਨਸ਼ੈਲੀ ਤੇ ਬੀਮਾਰੀਆਂ ਦੇ ਵੱਧਦੇ ਮਸਲਿਆਂ ਦੇ ਮੱਦੇਨਜ਼ਰ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ। ਭਾਰਤੀ ਫ਼ੌਜ ਦੇ ਜਵਾਨਾਂ ਨੇ ਵੀ ਹਿਮਾਲਿਆ ਦੇ ਬਰਫ਼ੀਲੇ ਹਿੱਸੇ ’ਚ ਚਟਾਈ ਵਿਛਾ ਕੇ ਯੋਗ ਆਸਨ ਕੀਤੇ। ਇਨ੍ਹਾਂ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਧਾਨੀ ਲਖ਼ਨਊ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸੂਬੇ ਵਿਚ ਯੋਗ ਸਮਾਗਮ ਦੀ ਅਗਵਾਈ ਕੀਤੀ। ਵਿਜਯਨ ਨੇ ਕਿਹਾ ਕਿ ਯੋਗ ਦਾ ਕਿਸੇ ਧਰਮ ਨਾਲ ਕੋਈ ਰਾਬਤਾ ਨਹੀਂ ਹੈ ਫਿਰ ਵੀ ਇਸ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਸਹੀ ਨਹੀਂ ਹੈ। ਜਲ ਸੈਨਾ ਨੇ ਵੀ ਕੋਚੀ ਸਥਿਤ ਦੱਖਣੀ ਕਮਾਂਡ ’ਚ ਯੋਗ ਕੀਤਾ। ਗੁਜਰਾਤ, ਨਾਗਾਲੈਂਡ, ਬਿਹਾਰ ਤੇ ਹੋਰ ਰਾਜਾਂ ਵਿਚ ਵੀ ਮੁੱਖ ਮੰਤਰੀਆਂ ਤੇ ਰਾਜਪਾਲਾਂ ਦੀ ਅਗਵਾਈ ਵਿਚ ਯੋਗ ਦਿਵਸ ਮੌਕੇ ਆਸਣ ਕੀਤੇ ਗਏ। ਹਿਮਾਚਲ ਪ੍ਰਦੇਸ਼ ਵਿਚ ਕੀਤੇ ਗਏ ਸਮਾਗਮ ਵਿਚ ਬੱਸ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਯੋਗ ਲਈ ਉਤਸ਼ਾਹ ਰੱਖਣ ਵਾਲਿਆਂ ਨੇ ਅੱਜ ਚੀਨ ਦੇ ਮਸ਼ਹੂਰ ਸ਼ਾਓਲਿਨ ਮੰਦਰ ਤੋਂ ਲੈ ਕੇ ਬਰਤਾਨੀਆ ਦੇ ਪ੍ਰਸਿੱਧ ਸੇਂਟ ਪੌਲ ਕੈਥੇਡ੍ਰਲ ਵਿਚ ਯੋਗ ਅਭਿਆਸ ਕੀਤਾ। ਚੀਨ ਦਾ ਖੇਡ ਮੰਤਰਾਲਾ ਵੀ ਯੋਗ ਨੂੰ ਤਵੱਜੋਂ ਦੇ ਰਿਹਾ ਹੈ। ਇੰਗਲੈਂਡ, ਢਾਕਾ ਦੇ ਕੌਮੀ ਸਟੇਡੀਅਮ, ਸ੍ਰੀਲੰਕਾ, ਆਸਟਰੇਲੀਆ ਦੇ ਸ਼ਹਿਰਾਂ ਮੈਲਬਰਨ ਤੇ ਕੈਨਬਰਾ ਵਿਚ ਵੀ ਯੋਗ ਦਿਵਸ ਮਨਾਇਆ ਗਿਆ।

LEAVE A REPLY

Please enter your comment!
Please enter your name here