
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਵੀਰਵਾਰ ਨੂੰ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੇ ਬਿਸ਼ਕੇਕ ’ਚ ਹੋਣ ਵਾਲੇ ਸੰਮੇਲਨ ਲਈ ਪਾਕਿਸਤਾਨ ਦੇ ਉਪਰੋਂ ਨਹੀਂ ਉੱਡੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ੍ਰੀ ਮੋਦੀ ਦਾ ਜਹਾਜ਼ ਓਮਾਨ, ਇਰਾਨ ਅਤੇ ਹੋਰ ਕਈ ਮੱਧ ਏਸ਼ਿਆਈ ਮੁਲਕਾਂ ਉਪਰੋਂ ਉੱਡਦਾ ਹੋਇਆ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਪੁੱਜੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਬਿਸ਼ਕੇਕ ਲਈ ਵੀਵੀਆਈਪੀ ਜਹਾਜ਼ ਦੇ ਰੂਟ ਸਬੰਧੀ ਦੋ ਬਦਲਾਂ ’ਤੇ ਵਿਚਾਰ ਕੀਤਾ ਸੀ। ‘ਹੁਣ ਫ਼ੈਸਲਾ ਲਿਆ ਗਿਆ ਹੈ ਕਿ ਵੀਵੀਆਈਪੀ ਜਹਾਜ਼ ਓਮਾਨ, ਇਰਾਨ ਅਤੇ ਮੱਧ ਏਸ਼ਿਆਈ ਮੁਲਕਾਂ ਤੋਂ ਹੁੰਦਾ ਹੋਇਆ ਬਿਸ਼ਕੇਕ ਪਹੁੰਚੇਗਾ।’ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪਾਕਿਸਤਾਨੀ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਸੀ ਕਿ ਇਸਲਾਮਾਬਾਦ ਨੇ ਸਿਧਾਂਤਕ ਤੌਰ ’ਤੇ ਭਾਰਤ ਦੀ ਬੇਨਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤਹਿਤ ਸ੍ਰੀ ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਉਪਰੋਂ ਲੰਘ ਸਕੇਗਾ। ਭਾਰਤ ਵੱਲੋਂ ਸ੍ਰੀ ਮੋਦੀ ਦੇ ਜਹਾਜ਼ ਦੇ ਰੂਟ ਬਾਰੇ ਲਿਆ ਗਿਆ ਫ਼ੈਸਲਾ ਹੈਰਾਨੀ ਭਰਿਆ ਜਾਪਦਾ ਹੈ ਕਿਉਂਕਿ ਉਨ੍ਹਾਂ ਪਹਿਲਾਂ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਬਿਸ਼ਕੇਕ ਲਈ ਸ੍ਰੀ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਦੇ ਉਪਰੋਂ ਉੱਡਣ ਦੀ ਇਜਾਜ਼ਤ ਦਿੱਤੀ ਜਾਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਬਿਸ਼ਕੇਕ ’ਚ ਐਸਸੀਓ ਸੰਮੇਲਨ ’ਚ ਹਿੱਸਾ ਲੈਣ ਲਈ ਜਾ ਰਹੇ ਹਨ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਅਤੇ ਸ੍ਰੀ ਮੋਦੀ ਬੈਠਕ ਕਰ ਸਕਦੇ ਹਨ।
