(L-R) US President Donald Trump, Japanese Prime Minister Shinzo and India's Prime Minister Narendra Modi attend a meeting during the G20 Osaka Summit in Osaka on June 28, 2019. (Photo by Brendan Smialowski / AFP)

ਓਸਾਕਾ(ਜਪਾਨ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਕਾਰ ਇੱਥੇ ਖੁੱਲ੍ਹੇ ਮਾਹੌਲ ਵਿੱਚ ਬੇਹੱਦ ਉਸਾਰੂ ਚਰਚਾ ਹੋਈ। ਮੀਟਿੰਗ ਵਿੱਚ ਦੋਵਾਂ ਆਗੂਆਂ ਨੇ ਜਿੱਥੇ ਅੰਤਰਰਾਸ਼ਟਰੀ ਵਪਾਰ, 5ਜੀ ਅਤੇ ਇਰਾਨ ਵਰਗੇ ਭਖਵੇਂ ਮੁੱਦੇ ਵਿਚਾਰੇ, ਉਥੇ ਅਤਿਵਾਦ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਨੂੰ ਮਜ਼ਬੂਤ ਅਗਵਾਈ ਦੇਣ ਦਾ ਅਹਿਦ ਵੀ ਲਿਆ। ਪ੍ਰਧਾਨ ਮੰਤਰੀ ਮੋਦੀ ਜੋ ਕਿ ਇੱਥੇ ਜੀ-20 ਸਿਖ਼ਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ, ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਪ੍ਰਤੀ ਦਿਖਾਏ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਪਿਛਲੇ ਦਿਨੀਂ ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਭਾਰਤ ਦੌਰੇ ਉੱਤੇ ਆਏ ਸਨ ਤਾਂ ਉਹ ਸ੍ਰੀ ਟਰੰਪ ਦਾ ਇੱਕ ਪੱਤਰ ਲਿਆਏ ਸਨ, ਜਿਸ ਵਿੱਚ ਭਾਰਤ ਪ੍ਰਤੀ ਉਨ੍ਹਾਂ ਆਪਣੇ ਸਨੇਹ ਦਾ ਪ੍ਰਗਟਾਵਾ ਕੀਤਾ ਸੀ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਮਰੀਕਾ ਨਾਲ ਆਪਣੇ ਆਰਥਿਕ ਅਤੇ ਸਭਿਆਚਰਕ ਸਬੰਧਾਂ ਨੂੰ ਹੋਰ ਪੱਕੇ ਕਰਨ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਨੇ ਮੀਟਿੰਗ ਦੌਰਾਨ ਤਕਨੀਕੀ ਸ਼ਕਤੀ ਦੇ ਢੰਗ ਤਰੀਕਿਆਂ ਦੇ ਪਾਸਾਰ, ਰੱਖਿਆ ਅਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਦੇ ਨਾਲ ਨਾਲ ਦੁਵੱਲੇ ਵਪਾਰ ਨਾਲ ਜੁੜੇ ਮੁੱਦੇ ਵਿਚਾਰੇ। ਸ੍ਰੀ ਮੋਦੀ ਨੇ ਇਸ ਦੌਰਾਨ ਭਾਰਤ ਦੀ ਇਰਾਨ ਉੱਤੇ ਤੇਲ ਨਿਰਭਰਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਦੀ ਗਿਆਰਾਂ ਫੀਸਦ ਊਰਜਾ ਲੋੜਾਂ ਇਰਾਨ ਪੂਰੀਆਂ ਕਰਦਾ ਹੈ। ਇਸ ’ਤੇ ਸ੍ਰੀ ਟਰੰਪ ਨੇ ਭਰੋਸਾ ਦਿੱਤਾ ਕਿ ਤੇਲ ਕੀਮਤਾਂ ਨਹੀਂ ਵਧਣਗੀਆਂ।
ਇਸ ਦੌਰਾਨ ਹੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਦੋਵੇਂ ਆਗੂ ਪੂਰੀ ਗਰਮਜੋਸ਼ੀ ਦੇ ਨਾਲ ਮਿਲੇ। ਰਾਸ਼ਟਰਪਤੀ ਟਰੰਪ ਨੇ ਮੋਦੀ ਨੂੰ ਉਨ੍ਹਾਂ ਦੀ ਜਿੱਤ ਉੱਤੇ ਵਧਾਈ ਦਿੱਤੀ। ਵਾਈਟ ਹਾਊਸ ਵੱਲੋਂ ਕੀਤੇ ਪ੍ਰਗਟਾਵੇ ਅਨੁਸਾਰ ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਰਣਨੀਤਕ ਭਾਈਵਾਲੀ ’ਚ ਅੱਗੇ ਵੱਧਣ ਉੱਤੇ ਵੀ ਜ਼ੋਰ ਦਿੱਤਾ। ਦੋਵਾਂ ਆਗੂ ਨੇ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਮਿਲ ਕੇ ਚੱਲਣ ਪ੍ਰਤੀ ਵੀ ਆਪਣਾ ਦ੍ਰਿੜ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here