ਪਟਿਆਲਾ/ਨਾਭਾ —ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੀ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਹੀ ਜਸਪ੍ਰੀਤ ਨਿਹਾਲਾ ਅਤੇ ਹੋਰਨਾਂ ਨਾਲ ਮਿਲ ਕੇ ਹੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਸ ਵੱਲੋਂ ਜਿਹੜੀ ਹੁਣ ਤੱਕ ਦੀ ਜਾਂਚ ਕੀਤੀ ਗਈ ਹੈ, ਉਸ ਵਿਚ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਨਿਹਾਲਾ ਦੇ ਫੋਨ ਤੋਂ 150 ਅਤੇ ਗੁਰਸੇਵਕ ਸਿੰਘ ਦੇ ਫੋਨ ਤੋਂ 70 ਕਾਲਾਂ ਹੋਈਆਂ ਹਨ। ਜਸਪ੍ਰੀਤ ਸਿੰਘ ਨਿਹਾਲਾ ਨੇ ਆਪਣਾ ਫੋਨ ਸਾੜ ਦਿੱਤਾ ਸੀ ਅਤੇ ਗੁਰਸੇਵਕ ਸਿੰਘ ਨੇ ਆਪਣਾ ਫੋਨ ਤੋੜ ਦਿੱਤਾ ਸੀ। ਜਿਹੜੇ ਨਵੀਂ ਨਾਭਾ ਜੇਲ ਵਿਚ ਕੁਝ ਦਿਨ ਪਹਿਲਾਂ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਸਨ, ਉਨ੍ਹਾਂ ਦਾ ਵੀ ਸਿੱਧਾ ਸਬੰਧ ਉਨ੍ਹਾਂ ਦੇ ਨਾਲ ਹੀ ਹੈ। ਇਹ ਫੋਨ ਤਲਾਸ਼ੀ ਦੇ ਦੌਰਾਨ ਬਰਾਮਦ ਹੋਏ ਸਨ। ਪੁਲਸ ਜਾਂਚ ਦੇ ਮੁਤਾਬਕ ਇਸ ਵਿਚ ਗੈਂਗਸਟਰਾਂ ਦੀ ਕੋਈ ਭੂਮਿਕਾ ਨਹੀਂ ਹੈ। ਗੈਂਗਸਟਰਾਂ ਵੱਲੋਂ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ, ਉਸ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਨਾ ਹੀ ਇਹ ਕਤਲ ਬਾਹਰ ਤੋਂ ਕੋਈ ਪੈਸੇ ਦੇ ਕੇ ਕਰਵਾਇਆ ਗਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਸੇਵਕ ਸਿੰਘ ਸਾਲ 2014 ਵਿਚ ਗੁਰਜੰਟ ਸਿੰਘ ਕਤਲ ਕੇਸ ਵਿਚ ਨਵੀਂ ਨਾਭਾ ਜੇਲ ਵਿਚ ਆਇਆ ਸੀ ਅਤੇ ਸਾਲ 2015 ਵਿਚ ਮਨਿੰਦਰ ਸਿੰਘ ਕਤਲ ਕੇਸ ਵਿਚ ਨਿਊ ਨਾਭਾ ਜੇਲ ਵਿਚ ਆਇਆ ਸੀ, ਜਦੋਂ ਕਿ ਜਸਪ੍ਰੀਤ ਸਿੰਘ ਨਿਹਾਲਾ ਨੂੰ ਸਾਲ 2017 ਵਿਚ ਲੁਧਿਆਣਾ ਜੇਲ ਵਿਚੋਂ ਨਿਊ ਨਾਭਾ ਜੇਲ ਵਿਚ ਸ਼ਿਫਟ ਕੀਤਾ ਗਿਆ ਸੀ। ਜਸਪ੍ਰੀਤ ਸਿੰਘ ਨਿਹਾਲਾ ਨੇ ਲੁਧਿਆਣਾ ਵਿਚ ਬਲਜਿੰਦਰ ਕੌਰ ਨਾਂ ਦੀ ਉਸ ਮਹਿਲਾ ਦਾ ਕਤਲ ਕੀਤਾ ਸੀ, ਜਿਸ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਦੋਸ਼ ਸੀ। ਮਹਿੰਦਰਪਾਲ ਸਿੰਘ ਬਿੱਟੂ ਨੂੰ ਜੁਲਾਈ 2018 ਵਿਚ ਲਿਆਂਦਾ ਗਿਆ। ਨਿਉੂ ਨਾਭਾ ਜੇਲ ਦੇ ਗੁਰਦੁਆਰਾ ਸਾਹਿਬ ਵਿਚ ਹੀ ਮਨਿੰਦਰ, ਗੁਰਸੇਵਕ ਅਤੇ ਜਸਪ੍ਰੀਤ ਨਿਹਾਲਾ ਦੀ ਮੀਟਿੰਗ ਹੋਈ ਅਤੇ ਇਥੇ ਹੀ ਸਾਜ਼ਿਸ਼ ਰਚੀ ਗਈ ਪਰ ਦਸੰਬਰ 2018 ਵਿਚ ਜਸਪ੍ਰੀਤ ਨਿਹਾਲਾ ਨੂੰ ਨਿਊ ਨਾਭਾ ਜੇਲ ਤੋਂ ਮੈਕਸੀਮਮ ਸਕਿਉਰਿਟੀ ਜੇਲ ਵਿਚ ਸ਼ਿਫਟ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਰਚ ਵਿਚ ਗੁਰਸੇਵਕ ਸਿੰਘ ਜੇਲ ਵਿਚੋਂ ਪੈਰੋਲ ‘ਤੇ ਚਲਾ ਗਿਆ ਅਤੇ ਮਈ ਵਿਚ ਵਾਪਸ ਅਇਆ ਸੀ। ਪੈਰੋਲ ਤੋਂ ਵਾਪਸ ਆਉਣ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਸਪ੍ਰੀਤ ਨਿਹਾਲਾ ਦੇ ਵਿਦੇਸ਼ਾਂ ਤੋਂ ਫੰਡਿੰਗ ਦੀ ਜਾਂਚ ਵਿਚ ਜੁਟੀ ਪੁਲਸ
ਪਟਿਆਲਾ, (ਬਲਜਿੰਦਰ)-ਜਸਪ੍ਰੀਤ ਸਿੰਘ ਨਿਹਾਲਾ ਨੂੰ ਵਿਦੇਸ਼ਾਂ ਤੋਂ ਹੋਣ ਵਾਲੀ ਫੰਡਿੰਗ ਦੀ ਜਾਂਚ ਵੀ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਉਂÎਕਿ ਇਸ ਮਾਮਲੇ ਵਿਚ ਇਹ ਐਂਗਲ ਉੱਭਰ ਕੇ ਸਾਹਮਣੇ ਆਇਆ ਸੀ ਕਿ ਜਸਪ੍ਰੀਤ ਨਿਹਾਲਾ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਰਹੀ ਹੈ। ਇਸ ਵਿਚ ਕਿੰਨੀ ਸੱਚਾਈ ਹੈ, ਇਸ ਬਾਰੇ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

LEAVE A REPLY

Please enter your comment!
Please enter your name here