ਸੰਗਤ ਮੰਡੀ-ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਬੰਬੀਹਾ ਦੇ ਡੇਰਾ ਬਾਬਾ ਗਰੀਬ ਦਾਸ ਦੀ 20 ਏਕੜ ਜ਼ਮੀਨ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਪਿੰਡ ਬੰਬੀਹਾ ਦੇ ਗੁਰਮੇਲ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਥਿੱਤ ਡੇਰਾ ਬਾਬਾ ਗਰੀਬਦਾਸ ਦੇ ਮਹੰਤ ਬਾਬਾ ਪਰਮਾਨੰਦ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਡੇਰੇ ਦੀ ਗੱਦੀ ਮਨਪ੍ਰੀਤ ਸਿੰਘ ਵਾਸੀ ਬੰਬੀਹਾ ਨੂੰ ਦਿੱਤੀ ਸੀ ਪਰ ਹਰਮਨਦਾਸ ਵਾਸੀ ਦਾਨੇਵਾਲਾ ਨੇ ਜਾਅਲੀ ਵਸੀਅਤ ਕਰਵਾ ਕੇ ਜ਼ਮੀਨ ਉੱਪਰ ਕਬਜ਼ੇ ਦੀ ਕੋਸ਼ਿਸ ਕੀਤੀ ਜਿਸਦਾ ਕਿ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ। 26 ਮਈ ਨੂੰ ਵੀ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋਈ ਸੀ ਪਰ ਪੁਲੀਸ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਕੋਰਟ ਦਾ ਫੈਸਲਾ ਆਉਣ ਤੱਕ ਜ਼ਮੀਨ ਅਤੇ ਡੇਰੇ ਵਿੱਚ ਨਾ ਵੜਨ ਲਈ ਕਿਹਾ ਗਿਆ ਸੀ। ਅੱਜ ਸਵੇਰੇ ਪੰਜ ਵਜੇ ਦੇ ਕਰੀਬ ਹਰਮਨਦਾਸ ਆਪਣੇ ਸਾਥੀਆਂ ਰਾਜਵਿੰਦਰ ਸਿੰਘ ਪੁੱਤਰ ਮਾਘ ਸਿੰਘ,ਸੁਖਮੰਦਰ ਸਿੰਘ ਪੁੱਤਰ ਗੁਰਦੇਵ ਸਿੰਘ,ਕਾਕਾ ਸਿੰਘ ਪੁੱਤਰ ਸੁਖਮੰਦਰ ਸਿੰਘ,ਲਵਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਬੰਬੀਹਾ ਤੋਂ ਇਲਾਵਾ ਕੁੱਝ ਅਣਪਛਾਤੇ ਵਿਅਕਤੀ ਆਲਟੋ ਅਤੇ ਵਰਨਾ ਕਾਰ ਵਿੱਚ ਸਵਾਰ ਹੋਕੇ ਆਏ ਅਤੇ ਉਸਦੇ ਘਰ ਅੱਗੇ ਹਵਾਈ ਫਾਇਰ ਕੀਤੇ।ਉਸ ਤੋਂ ਬਾਅਦ ਜਦੋਂ ਉਹ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਨਾਲ ਲੈਕੇ ਡੇਰੇ ਦੀ ਜ਼ਮੀਨ ਵੱਲ ਗਿਆ ਤਾਂ ਇਹ ਲੋਕ ਟ੍ਰੈਕਟਰਾਂ ਨਾਲ ਜਿੰਨ੍ਹਾਂ ਨੂੰ ਦੀਪਾ ਸਿੰਘ ਪੁੱਤਰ ਘੱਪਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਰਾਜਾ ਸਿੰਘ ਵਾਸੀਆਨ ਬੰਬੀਹਾ ਚਲਾ ਰਹੇ ਸਨ ਜ਼ਮੀਨ ਵਾਹ ਰਹੇ ਸਨ। ਪਿੰਡ ਵਾਲਿਆਂ ਨੂੰ ਦੇਖ ਕੇ ਮਹੰਤ ਹਰਮਨਦਾਸ ਨੇ ਰਣਜੀਤ ਸਿੰਘ ਉੱਪਰ ਫਾਇਰ ਕਰਕੇ ਜਾਨੀ ਹਮਲਾ ਕਰ ਦਿੱਤਾ । ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੂਚਨਾ ਦਿਵਾ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ‘ਤੇ ਇਹ ਲੋਕ ਉੱਥੋਂ ਭੱਜ ਗਏ।ਜਦੋਂ ਥਾਣਾ ਨੰਦਗੜ੍ਹ ਦੀ ਪੁਲੀਸ ਨੂੰ ਵੱਲੋਂ ਉਨ੍ਹਾਂ ਨੂੰ ਦੋਸ਼ੀਆਂ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਥਾਣੇ ਬੁਲਾ ਕੇ ਪੁਲੀਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਥਾਣੇ ਅੱਗੇ ਧਰਨਾ ਦੇ ਕੇ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਠਿੰਡਾ-ਬਾਦਲ ਰੋਡ ਨੂੰ ਜਾਮ ਕਰ ਦਿੱਤਾ।ਮੌਕੇ ‘ਤੇ ਪਹੁੰਚੇ ਡੀਐੱਸਪੀ ਕੁਲਦੀਪ ਸਿੰਘ ਨੇ ਪਿੰਡ ਵਾਸੀਆਂ ਨੂੰ ਧਰਨਾਕਾਰੀਆਂ ਨੂੰ ਧਾਰਾਵਾਂ ਵਿੱਚ ਵਾਧਾ ਕਰਨ ਦਾ ਭਰੋਸਾ ਦਿੱਤਾ ਤਾਂ ਲੋਕਾਂ ਨੇ ਧਰਨਾ ਚੁੱਕ ਦਿੱਤਾ ।ਮਹੰਤ ਹਰਮਾਨਦਾਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੀ ਮਹੰਤ ਪਰਮਾਨੰਦ ਦੀ ਸੇਵਾ ਕੀਤੀ ਗਈ ਸੀ ਅਤੇ ਪਗੜੀ ਵੀ ਉਨ੍ਹਾਂ ਨੂੰ ਹੀ ਮਿਲੀ ਹੈ। ਜ਼ਮੀਨ ਦੀ ਵਸੀਅਤ ਵੀ ਉਸਦੇ ਨਾਂਅ ‘ਤੇ ਹੈ।

LEAVE A REPLY

Please enter your comment!
Please enter your name here