ਚੰਡੀਗੜ੍ਹ-ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੋਈ ਬੇਅਦਬੀ ਦੀ ਘਟਨਾ ਅਤੇ ਪੁਲੀਸ ਗੋਲੀ ਕਾਂਡ ਦੇ ਮਾਮਲੇ ਦੀ ਤਫ਼ਤੀਸ਼ ਦੌਰਾਨ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਹੋਰਨਾਂ ਦਾ ਨਾਮ ਆਉਣ ਮਗਰੋਂ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ‘ਸਿਟ’ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਜਿਸ ਤਰ੍ਹਾਂ ਤਿੰਨਾਂ ਸਮੇਤ ਹੋਰਨਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਉਸ ਤੋਂ ਅਕਾਲੀ ਦਲ ਅੰਦਰ ਘਬਰਾਹਟ ਵੀ ਪਾਈ ਜਾ ਰਹੀ ਹੈ। ਪਾਰਟੀ ਦੇ ਬੁਲਾਰੇ ਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿਟ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਹੁਣ ਸੰਸਦੀ ਚੋਣਾਂ ਦੌਰਾਨ ਇਸ ਮੁੱਦੇ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਅਕਾਲੀ ਦਲ ਖ਼ਿਲਾਫ਼ ਨਿਸ਼ਾਨਾ ਸੇਧਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸੇ ਸਿਆਸੀ ਚਾਲ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵੀ ਇਸੇ ਮੁੱਦੇ ਰਾਹੀਂ ਰਾਜਸੀ ਰੋਟੀਆਂ ਸੇਕਣ ਦੀ ਸਾਜ਼ਿਸ਼ ਸਾਹਮਣੇ ਆ ਰਹੀ ਹੈ। ਸਿਟ ਵੱਲੋਂ ਦਾਇਰ ਕੀਤੇ ਦੋਸ਼ ਪੱਤਰ ਵਿੱਚ ਬਾਦਲਾਂ ਅਤੇ ਸਾਬਕਾ ਡੀਜੀਪੀ ਸਮੇਤ ਹੋਰਨਾਂ ਪੁਲੀਸ ਅਧਿਕਾਰੀਆਂ, ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਲਪੇਟਿਆ ਹੈ। ਸਿਟ ਦੀ ਇਸ ਕਾਰਵਾਈ ਨਾਲ ਪੁਲੀਸ ਅਧਿਕਾਰੀਆਂ ਅੰਦਰ ਵੀ ਸਹਿਮ ਪਾਇਆ ਜਾ ਰਿਹਾ ਹੈ। ਸਿਟ ਨਾਲ ਜੁੜੇ ਸੂਤਰਾਂ ਮੁਤਾਬਕ ਹਿਸਾਰ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਾਉਣ ਦੇ ਮੁੜ ਯਤਨ ਕੀਤੇ ਜਾਣਗੇ ਅਤੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰੀ ਤੌਰ ’ਤੇ ਭਾਵੇਂ ਬੇਅਦਬੀ ਅਤੇ ਗੋਲੀਕਾਂਡ ਦਾ ਸਿਆਸੀ ਨੁਕਸਾਨ ਨਾ ਹੋਣ ਦਾ ਦਿਖਾਵਾ ਕੀਤਾ ਜਾਂਦਾ ਹੈ ਪਰ ਅਕਾਲੀ ਦਲ ਦੇ ਨੇਤਾ ਅੰਦਰਖਾਤੇ ਮੰਨਦੇ ਹਨ ਕਿ ਇਹ ਧਾਰਮਿਕ ਮੁੱਦਾ ਅਕਾਲੀਆਂ ਦਾ ਖਹਿੜਾ ਨਹੀਂ ਛੱਡ ਰਿਹਾ ਤੇ ਭਵਿੱਖ ’ਚ ਵੀ ਪਾਰਟੀ ਨੂੰ ਨੁਕਸਾਨ ਕਰੇਗਾ। ਸਿਟ ਵੱਲੋਂ ਕੀਤੇ ਤਾਜ਼ਾ ਖੁਲਾਸਿਆਂ ਤੋਂ ਬਾਅਦ ਇਹ ਮੁੱਦਾ ਹੋਰ ਵੀ ਭਖਣ ਦੇ ਆਸਾਰ ਬਣ ਗਏ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਟ ਦੇ ਦੋਸ਼ ਪੱਤਰ ਨੂੰ ਆਧਾਰ ਬਣਾ ਕੇ ਬਾਦਲਾਂ ਅਤੇ ਸੈਣੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਸਿਟ ਦੇ ਸਹਾਰੇ ਅਕਾਲੀਆਂ ਨੂੰ ਬਦਨਾਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਸ੍ਰੀ ਗਰੇਵਾਲ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਪਰੈਲ ਦੇ ਪਹਿਲੇ ਹਫ਼ਤੇ ‘ਸਿਟ’ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਇਸ ਅਧਿਕਾਰੀ ਨੂੰ 27 ਮਈ ਨੂੰ ਮੁੜ ਤਾਇਨਾਤ ਕਰ ਦਿੱਤਾ ਗਿਆ। ਅਕਾਲੀ ਆਗੂ ਨੇ ਦਾਅਵਾ ਕੀਤਾ ਕਿ 23 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤੇ ਦੋਸ਼ ਪੱਤਰ ’ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕਿਸ ਹੈਸੀਅਤ ਵਿੱਚ ਸਿਟ ਦੇ ਮੈਂਬਰ ਵਜੋਂ ਦਸਤਖ਼ਤ ਕੀਤੇ ਗਏ ਜਦੋਂ ਕਿ ਇਸ ਅਧਿਕਾਰੀ ਦੀ ਤਾਂ ਤਾਇਨਾਤੀ ਹੀ 27 ਮਈ ਨੂੰ ਹੋਈ ਹੈ। ਉਨ੍ਹਾਂ ਕਿਹਾ ਕਿ ਆਈਜੀ ਦੀਆਂ ਗਤੀਵਿਧੀਆਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ (ਆਈਜੀ) ਪੁਲੀਸ ਅਧਿਕਾਰੀ ਨਾ ਹੋ ਕੇ ਕਾਂਗਰਸ ਪਾਰਟੀ ਦਾ ਬੁਲਾਰਾ ਹੋਵੇ। ਉਨ੍ਹਾਂ ਕਿਹਾ ਕਿ ਇਸ ਪੁਲੀਸ ਅਧਿਕਾਰੀ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਵੀ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਸ੍ਰੀ ਗਰੇਵਾਲ ਮੁਤਾਬਕ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਦਾ ਮਕਸਦ ਦੋਸ਼ੀਆਂ ਨੂੰ ਲੱਭਣ ਦਾ ਏਜੰਡਾ ਹੋਣ ਦੀ ਥਾਂ ’ਤੇ ਕਾਂਗਰਸ ਦੇ ਸਿਆਸੀ ਨਿਸ਼ਾਨੇ ਫੁੰਡਣ ਵਾਲਾ ਹੀ ਦਿਖਾਈ ਦਿੰਦਾ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਇਸ ਪੁਲੀਸ ਅਧਿਕਾਰੀ ਵੱਲੋਂ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਵੇਂ ਬੇਅਦਬੀ ਦੀ ਘਟਨਾ ਨੂੰ ਅਕਾਲੀ ਨੇਤਾਵਾਂ ਨੇ ਹੀ ਅੰਜਾਮ ਦਿੱਤਾ ਹੋਵੇ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਤੇ ਅਕਾਲੀ ਨੇਤਾਵਾਂ ਖਿਲਾਫ਼ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਅਤੇ ਦਰਬਾਰਾ ਸਿੰਘ ਗੁਰੂ ਆਦਿ ਆਗੂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here