ਮਸਤੂਆਣਾ ਸਾਹਿਬ-ਨੇੜਲੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਵਿੱਚ ਡਿੱਗਿਆ ਦੋ ਸਾਲ ਦਾ ਮਾਸੂਮ ਫ਼ਤਹਿਵੀਰ ਸਿੰਘ ਪਿਛਲੇ ਕਰੀਬ ਪੰਜ ਦਿਨਾਂ ਤੋਂ ਜ਼ਿੰਦਗੀ ਮੌਤ ਨਾਲ ਲੜਾਈ ਲੜ ਰਿਹਾ ਹੈ। ਫ਼ਤਹਿਵੀਰ ਸਿੰਘ ਨੂੰ ਪੰਜ ਦਿਨਾਂ ਮਗਰੋਂ ਵੀ ਬਾਹਰ ਨਾ ਕੱਢੇ ਜਾਣ ਦੇ ਰੋਸ ਵਜੋਂ ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼ ਲਾਉਂਦਿਆਂ ਪਿੰਡਾਂ ਬਹਾਦਰਪੁਰ ਤੇ ਕੁੰਨਰਾਂ ਦੇ ਵਾਸੀਆਂ ਨੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ। ਧਰਨੇ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਪੁਲੀਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ।
ਡੀਐੱਸਪੀ ਸੱਤਪਾਲ ਸ਼ਰਮਾ ਅਤੇ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬੋਰਵੈੱਲ ’ਚੋਂ ਕੱਢਣ ਲਈ ਦਿਨ ਰਾਤ ਯਤਨ ਜਾਰੀ ਹਨ। ਜਲਦੀ ਹੀ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ। ਪਿੰਡ ਬਹਾਦਰਪੁਰ ਡਰੇਨ ਦੇ ਪੁਲ ’ਤੇ ਧਰਨਾ ਦੇ ਰਹੇ ਰਾਜਵੀਰ ਸਿੰਘ, ਜਸਪ੍ਰੀਤ ਸਿੰਘ, ਬੱਗਾ ਸਿੰਘ, ਕਮਲਜੀਤ ਸਿੰਘ ਤੋਂ ਇਲਾਵਾ ਪਿੰਡ ਕੁੰਨਰਾਂ ਦੇ ਹਰਦੀਪ ਸਿੰਘ, ਸੁਖਦੇਵ ਸਿੰਘ ਮੰਡੇਰ, ਸੁਖਜੀਤ ਸਿੰਘ ਫੌਜੀ ਆਦਿ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਉਦੋਂ ਤਕ ਜਾਰੀ ਰਹੇਗਾ ਜਿੰਨਾ ਚਿਰ ਫ਼ਤਹਿਵੀਰ ਸਿੰਘ ਨੂੰ ਸਹੀ ਸਲਾਮਤ ਬਾਹਰ ਨਹੀਂ ਕੱਢਿਆ ਜਾਂਦਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

LEAVE A REPLY

Please enter your comment!
Please enter your name here