ਬਰੈਂਪਟਨ— ਪੀਲ ਰੀਜ਼ਨਲ ਪੁਲਸ ਦੇ ਤਾਜ਼ਾ ਅੰਕੜੇ ਚਿੰਤਾਜਨਕ ਹਨ, ਜਿਨ੍ਹਾਂ ਮੁਤਾਬਕ 2018 ਦੌਰਾਨ ਬਰੈਂਪਟਨ ਤੇ ਮਿਸੀਸਾਗਾ ‘ਚ ਹਿੰਸਕ ਵਾਰਦਾਤਾਂ 13.9 ਫੀਸਦੀ ਵਧੀਆਂ। ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ‘ਚ 6.7 ਫੀਸਦੀ ਵਾਧਾ ਹੋਇਆ ਜਦਕਿ ਘਰਾਂ ‘ਚ ਚੋਰੀ ਦੇ ਮਾਮਲਿਆਂ ‘ਚ 8.8 ਫੀਸਦੀ ਕਮੀ ਦਰਜ ਕੀਤੀ ਗਈ।
ਇਹ ਅੰਕੜੇ ਪੀਲ ਪੁਲਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦਾ ਹਿੱਸਾ ਹੈ, ਜਿਸ ਮੁਤਾਬਕ 2018 ‘ਚ 9334 ਹਿੰਸਕ ਵਾਰਦਾਤਾਂ ਸਾਹਮਣੇ ਆਈਆਂ। 2017 ‘ਚ 8112 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਨ। ਹਿੰਸਕ ਅਪਰਾਧਾਂ ‘ਚ ਸਭ ਤੋਂ ਜ਼ਿਆਦਾ ਕਤਲ ਦੀਆਂ ਵਾਰਦਾਤਾਂ ਰਹੀਆਂ। ਬੀਤੇ ਸਾਲ ਪੀਲ ਇਲਾਕੇ ‘ਚ 26 ਲੋਕਾਂ ਦਾ ਕਤਲ ਹੋਇਆ ਸੀ ਤੇ 2017 ‘ਚ ਇਹ ਅੰਕੜਾ 16 ਸੀ। ਇਸ ਤਰ੍ਹਾਂ ਨਾਲ ਕਤਲ ਦੀਆਂ ਵਾਰਦਾਤਾਂ ‘ਚ 58 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਨਾਲ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ 29 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀਤੇ ਸਾਲ ਲੁੱਟ ਦੀਆਂ ਕੁੱਲ 1051 ਵਾਰਦਾਤਾਂ ਸਾਹਮਣੇ ਆਈਆਂ ਜਦਕਿ 2017 ‘ਚ 903 ਵਾਰਦਾਤਾਂ ਦਰਜ ਕੀਤੀਆਂ ਗਈਆਂ।
ਸਿਰਫ ਅਪਰਾਧਕ ਵਾਰਦਾਤਾਂ ਹੀ ਨਹੀਂ ਸਗੋਂ ਜਾਨਲੇਵਾ ਹਾਦਸਿਆਂ ‘ਚ ਵੀ ਪਿਛਲੇ ਸਾਲ 36 ਫੀਸਦੀ ਦਾ ਵਾਧਾ ਹੋਇਆ। 2018 ‘ਚ 36 ਜਾਨਲੇਵਾ ਹਾਦਸੇ ਵਾਪਰੇ ਜਦਕਿ 2017 ‘ਚ ਇਨ੍ਹਾਂ ਦੀ ਗਿਣਤੀ 25 ਦਰਜ ਕੀਤੀ ਗਈ ਸੀ।

LEAVE A REPLY

Please enter your comment!
Please enter your name here