ਲੰਡਨ/ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ 3 ਦਿਨਾਂ ਦੌਰੇ ਲਈ ਬ੍ਰਿਟੇਨ ਪਹੁੰਚੇ। ਇਸ ਯਾਤਰਾ ‘ਚ ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਵੀ ਉਨ੍ਹਾਂ ਦੇ ਨਾਲ ਹਨ। ਬਕਿੰਘਮ ਪੈਲੇਸ ‘ਚ ਉਨ੍ਹਾਂ ਦਾ ਸਵਾਗਤ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਨੇ ਕੀਤਾ।
ਅਮਰੀਕੀ ਰਾਸ਼ਟਰਪਤੀ ਦੇ ਰੂਪ ‘ਚ ਡੋਨਾਲਡ ਟਰੰਪ ਦਾ ਇਹ ਦੂਜਾ ਬ੍ਰਿਟੇਨ ਦੂਰਾ ਹੈ। ਇਸ ਦੌਰਾਨ ਟਰੰਪ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਜਲਵਾਯੂ ਪਰਿਵਰਤਨ ਅਤੇ ਚੀਨੀ ਤਕਨਾਲੋਜੀ ਕੰਪਨੀ ਹੁਆਵੇ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ। ਟਰੰਪ ਇਸ ਦੌਰਾਨ ਪ੍ਰਿੰਸ ਚਾਰਲਸ ਨਾਲ ਵੀ ਸਮਾਂ ਬਿਤਾਉਂਦੇ ਨਜ਼ਰ ਆਏ। ਸਵਾਗਤ ਤੋਂ ਬਾਅਦ ਸਾਰਿਆਂ ਨੇ ਮਹਿਲ ‘ਚ ਸ਼ਾਹੀ ਭੋਜਨ ਕੀਤਾ। ਦੱਸ ਦਈਏ ਕਿ ਟਰੰਪ ਦਾ ਇਹ ਦੌਰਾ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ‘ਚ ਜਾਰੀ ਸਿਆਸੀ ਘਮਾਸਾਨ ਵਿਚਾਲੇ ਹੋਇਆ ਹੈ। ਦੌਰੇ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਸਤੀਫਾ ਦੇਣ ਦਾ ਐਲਾਨ ਕਰ ਚੁੱਕੀ ਹੈ, ਉਹ 7 ਜੂਨ ਨੂੰ ਆਪਣਾ ਉੱਤਰਾਧਿਕਾਰੀ ਚੁਣੇ ਜਾਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ।
ਜਿੱਥੇ ਇਕ ਪਾਸੇ ਟਰੰਪ ਦਾ ਸਵਾਗਤ ਸ਼ਾਨਦਾਰ ਪ੍ਰੋਗਰਾਮ ਅਤੇ ਗਾਰਡ ਆਫ ਹਾਨਰ ਦੇ ਕੇ ਕੀਤਾ ਗਿਆ, ਉਥੇ ਦੂਜੇ ਪਾਸੇ ਲੰਡਨ ਦਾ ਇਕ ਖੇਮਾ ਟਰੰਪ ਦੇ ਉਥੇ ਆਉਣ ਦੀ ਸਖਤ ਆਲੋਚਨਾ ਕਰ ਰਿਹਾ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਐਤਵਾਰ ਨੂੰ ਟਰੰਪ ਨੂੰ ਫਾਸੀਵਾਦੀ ਕਰਾਰਦੇ ਹੋਏ ਕਿਹਾ ਸੀ ਕਿ ਵੰਡ ਪਾਉਣ ਵਾਲੇ ਟਰੰਪ ਨੂੰ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਇਹੀਂ ਨਹੀਂ, ਲੰਡਨ ਦੇ ਵਿਰੋਧੀ ਦਲਾਂ ਨੇ ਵੀ ਟਰੰਪ ਦੇ ਸਨਮਾਨ ‘ਚ ਦਿੱਤੇ ਜਾਣ ਵਾਲੇ ਰਾਤ ਦੇ ਖਾਣੇ ਦਾ ਬਾਇਕਾਟ ਕੀਤਾ ਹੈ। ਹਾਲਾਂਕਿ ਟਰੰਪ ਇਸ ਯਾਤਰਾ ਨੂੰ ਲੈ ਕੇ ਕਾਫੀ ਉਤਸਕ ਨਜ਼ਰ ਆਏ। ਆਪਣੇ ਏਅਰਫੋਰਸ ਵਨ ਹੈਲੀਕਾਪਟਰ ਤੋਂ ਲੰਡਨ ‘ਚ ਲੈਂਡ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਜ਼ਾਹਿਰ ਕਰਨ ਲਈ ਟਵੀਟ ਕੀਤਾ, ਮੈਂ ਅਮਰੀਕਾ ਦੇ ਬਹੁਤ ਚੰਗੇ ਬ੍ਰਿਟੇਨ ਨਾਲ ਮਿਲਣ ਲਈ ਉਤਸਕ ਹਾਂ ਅਤੇ ਆਪਣੇ ਦੌਰੇ ਦਾ ਇੰਤਜ਼ਾਰ ਕਰ ਰਿਹਾ ਹਾਂ।’ ਦੱਸ ਦਈਏ ਕਿ ਟਰੰਪ ਦੇ ਪਹਿਲੇ ਦੌਰੇ ਦੌਰਾਨ ਲੰਡਨ ਵਾਸੀਆਂ ਨੇ ਸਖਤ ਵਿਰੋਧ ਕੀਤਾ ਸੀ।

LEAVE A REPLY

Please enter your comment!
Please enter your name here