ਫ਼ਤਹਿਗੜ੍ਹ ਸਾਹਿਬ-ਜ਼ਿਲ੍ਹੇ ਦੇ ਪਿੰਡ ਖਰੌੜੀ ਵਿਚ ਟਿਵਾਣਾ ਫੀਡ ਫੈਕਟਰੀ ’ਚ ਬੀਤੀ ਦੇਰ ਰਾਤ ਹੋਏ ਧਮਾਕੇ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਈ ਤੇ 8 ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿਚੋਂ ਦੋ ਨੂੰ ਫੋਰਟਿਸ ਹਸਪਤਾਲ ਮੁਹਾਲੀ, ਦੋ ਨੂੰ ਪੀਜੀਆਈ ਚੰਡੀਗੜ੍ਹ ਅਤੇ ਚਾਰ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ ਹੈ। ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਫਾਇਰ ਬ੍ਰਿਗੇਡ ਦੀਆਂ ਲਗਪਗ ਇਕ ਦਰਜਨ ਗੱਡੀਆਂ ਨੇ ਅੱਗ ਉੱਪਰ ਕਾਬੂ ਪਾਇਆ। ਅੱਗ ਨਾਲ ਫੈਕਟਰੀ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਿਵਾਣਾ ਫੀਡ ਫੈਕਟਰੀ ਵਿਚ ਰਾਤ ਇਕ ਵਜੇ ਦੇ ਕਰੀਬ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਉੱਥੇ ਕੰਮ ਕਰਦੇ ਕਿਰਤੀ ਅੱਗ ਦੀ ਲਪਟ ਵਿਚ ਆ ਗਏ। ਹਾਦਸੇ ਦੌਰਾਨ ਰਸ਼ੀਦ (26) ਪੁੱਤਰ ਜੁਮੀਦ ਮੁਹੰਮਦ ਵਾਸੀ ਪਿੰਡ ਜਾਲਖੇੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 8 ਕਾਮੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲਾਂ ਲਈ ਰੈਫ਼ਰ ਕਰ ਦਿੱਤਾ। ਜ਼ਖ਼ਮੀ ਕਾਮੇ ਭਲਵਿੰਦਰ ਸਿੰਘ ਵਾਸੀ ਪਿੰਡ ਚਲੈਲਾ ਤੇ ਲਖਵਿੰਦਰ ਸਿੰਘ ਚਨਾਰਥਲ ਕਲਾਂ ਨੂੰ ਫੋਰਟਿਸ ਹਸਪਤਾਲ ਮੁਹਾਲੀ, ਰਾਜਾ ਜਾਗਰ ਸਿੰਘ ਵਾਸੀ ਕਸਿਆਣਾ ਜ਼ਿਲ੍ਹਾ ਪਟਿਆਲਾ, ਬਲਕਾਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੰਡਰਾਲੀ, ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਖਰੌੜਾ ਤੇ ਨਰਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪ੍ਰੋਫ਼ੈਸਰ ਕਲੋਨੀ ਫ਼ਤਹਿਗੜ੍ਹ ਸਾਹਿਬ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ, ਹਰਜੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਰੁੜਕੀ ਤੇ ਰਣਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਜਾਲਖੇੜੀ ਨੂੰ ਪੀਜੀਆਈ ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ ਹੈ। ਭਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਘਟਨਾ ਸਥਾਨ ’ਤੇ ਮੌਜੂਦ ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫ਼ਤਹਿਗੜ੍ਹ ਸਾਹਿਬ ਤੋਂ ਤਿੰਨ ਗੱਡੀਆਂ ਤੇ ਹੋਰ ਇਲਾਕਿਆਂ ਤੋਂ ਲਗਪਗ ਇਕ ਦਰਜਨ ਗੱਡੀਆਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ।
ਥਾਣਾ ਮੂਲੇਪੁਰ ਦੇ ਐੱਸਐੱਚਓ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ। ਰਸ਼ੀਦ ਦੀ ਮਾਤਾ ਦੇ ਬਿਆਨਾਂ ਉੱਪਰ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਸੈਕਟਰ-32 ਦੇ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਪਿੱਛੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ।

LEAVE A REPLY

Please enter your comment!
Please enter your name here