ਅੰਮ੍ਰਿਤਸਰ-ਵਿਵਾਦ ਦਾ ਮੁੱਦਾ ਬਣੀ ਐਨੀਮੇਟਿਡ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਦੇਖਣ ਮਗਰੋਂ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਇਸ ਸਬੰਧੀ ਆਪਣੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ, ਜਿਸ ਵਿਚ ਫਿਲਮ ਦੀਆਂ ਕੁਝ ਖਾਮੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ। ਅੱਜ ਹੋਈ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋ ਕਮੇਟੀ ਮੁਖੀ ਵੀ ਹਨ, ਦੇ ਨਾਲ ਬੀਬੀ ਕਿਰਨਜੋਤ ਕੌਰ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਦਿੱਲੀ ਤੋਂ ਮਨਮੋਹਨ ਸਿੰਘ ਅਤੇ ਕੋਆਰਡੀਨੇਟਰ ਸਿਮਰਜੀਤ ਸਿੰਘ ਸ਼ਾਮਲ ਸਨ।
ਮੀਟਿੰਗ ਵਿਚ ਦੁਬਾਰਾ ਸੋਧੀ ਫਿਲਮ ਦੇਖੀ ਗਈ, ਜਿਸ ਵਿਚ ਵੀ ਕੁਝ ਇਤਰਾਜ਼ ਸਾਹਮਣੇ ਆਏ ਹਨ। ਫਿਲਮ ਨਿਰਮਾਤਾ ਅਤੇ ਪ੍ਰਬੰਧਕਾਂ ਨੂੰ ਸਬ ਕਮੇਟੀ ਨੇ ਇਹ ਇਤਰਾਜ਼ ਤੁਰੰਤ ਦੂਰ ਕਰਨ ਲਈ ਆਖਿਆ ਹੈ। ਕੁਝ ਦਿਨ ਪਹਿਲਾਂ ਵੀ ਸਬ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿਚ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ ਸੀ। ਫਿਲਮ ਵਿਚ ਮੁੱਖ ਇਤਰਾਜ਼ ਛੇਵੇਂ ਪਾਤਸ਼ਾਹ ਨੂੰ ਐਨੀਮੇਟਿਡ ਰੂਪ ਵਿਚ ਦਿਖਾਉਣ ’ਤੇ ਜਤਾਇਆ ਗਿਆ ਸੀ। ਕਮੇਟੀ ਮੈਂਬਰਾਂ ਨੇ ਇਹ ਇਤਰਾਜ਼ ਫਿਲਮ ਪ੍ਰਬੰਧਕਾਂ ਨੂੰ ਦੂਰ ਕਰਨ ਵਾਸਤੇ ਆਖਿਆ ਸੀ, ਜਿਸ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਹੁਣ ਫਿਲਮ ਵਿਚ ਗੁਰੂ ਸਾਹਿਬ ਦੀ ਤਸਵੀਰ ਜਾਂ ਐਨੀਮੇਟਿਡ ਰੂਪ ਦੀ ਥਾਂ ਜੋਤ ਦਿਖਾਈ ਗਈ ਹੈ। ਇਹ ਫਿਲਮ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਦੀ ਦਾਸਤਾਨ ਨੂੰ ਦਰਸਾਉਂਦੀ ਹੈ।
ਐਡਵੋਕੇਟ ਸ੍ਰੀ ਸਿਆਲਕਾ ਨੇ ਦੱਸਿਆ ਕਿ ਫਿਲਮ ਨੂੰ ਦੋ ਵਾਰ ਦੇਖਣ ਮਗਰੋਂ ਅਤੇ ਇਸ ਸਬੰਧੀ ਇਤਰਾਜ਼ ਬਾਰੇ ਮੁਕੰਮਲ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਜੋ ਇਤਰਾਜ਼ ਸਨ, ਉਨ੍ਹਾਂ ਬਾਰੇ ਵੀ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਦਰੁਸਤੀ ਲਈ ਵੀ ਆਖਿਆ ਗਿਆ ਹੈ। ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸਬ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਜਾਂ ਐਨੀਮੇਸ਼ਨ ਨੂੰ ਕਿਸੇ ਵੀ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਇਤਿਹਾਸਕ ਅਤੇ ਕਲਾ ਦੇ ਪੱਖ ਤੋਂ ਕੁਝ ਤਰੁੱਟੀਆਂ ਰਹਿ ਗਈਆਂ ਹਨ। ਪ੍ਰਬੰਧਕਾਂ ਨੂੰ ਇਹ ਤਰੁੱਟੀਆਂ ਦੂਰ ਕਰਨ ਵਾਸਤੇ ਆਖਿਆ ਗਿਆ ਹੈ। ਇਸ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪ ਦਿੱਤੀ ਹੈ। ਹੁਣ ਇਸ ਸਬੰਧੀ ਅਗਲਾ ਫ਼ੈਸਲਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here