ਜਲੰਧਰ— ਪੁਲਸ ਹਿਰਾਸਤ ‘ਚ ਮਾਰੇ ਗਏ ਜਸਪਾਲ ਸਿੰਘ ਕਤਲ ਕੇਸ ‘ਚ ਖਹਿਰਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜਸਪਾਲ ਦੀ ਮੌਤ ਹੋਏ ਨੂੰ 12 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਪਰਿਵਾਰ ਵਾਲਿਆਂ ਨੂੰ ਉਸ ਦੀ ਲਾਸ਼ ਨਹੀਂ ਦਿੱਤੀ ਗਈ ਅਤੇ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਹੈ। ਅਕਾਲੀਆਂ ‘ਤੇ ਵਾਰ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਜਸਪਾਲ ਲੰਬੀ ਹਲਕੇ ਦੇ ਪਿੰਡ ਪੰਜਾਵਾ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਮੂੰਹੋਂ ਇਹ ਨਹੀਂ ਨਿਕਲਿਆ ਕਿ ਪੁਲਸ ਨੇ ਉਸ ਨੂੰ ਕਿਉਂ ਚੁੱਕਿਆ ਅਤੇ ਹਿਰਾਸਤ ‘ਚ ਉਸ ਨੂੰ ਕਿਉਂ ਮਾਰਿਆ ਗਿਆ। ਬਾਦਲਾਂ ਨੇ ਇਹ ਤੱਕ ਨਹੀਂ ਪੁੱਛਿਆ ਕਿ ਲਾਸ਼ ਅਜੇ ਤੱਕ ਪਰਿਵਾਰ ਨੂੰ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਬਾਦਲ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਜਸਪਾਲ ਕਤਲ ਕਾਂਡ ਦੇ ਮਾਮਲੇ ‘ਚ ਕਿਉਂ ਕੁਝ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਰਜਵਾੜਾ ਪਰਿਵਾਰ ਆਪਸ ‘ਚ ਮਿਲੀ ਭੁਗਤ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਦੇ ਪਰਿਵਾਰ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਲਾਸ਼ ਦਰਿਆ ‘ਚ ਰੋੜ ਦਿੱਤੀ ਗਈ ਹੈ ਅਤੇ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸੁਖਪਾਲ ਖਹਿਰਾ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਅੱਜ ਅਰਾਜਕਤਾ ਦੇ ਦੌਰ ‘ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੁੱਪ ਬੈਠੇ ਹਨ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀ ਇਸ ਮਾਮਲੇ ‘ਚ ਕੁਝ ਵੀ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਇਸ ਦੀ ਜ਼ਿੰਮੇਵਾਰੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਲਈ ਅਤੇ ਨਾ ਹੀ ਡੀ. ਜੀ. ਪੀ. ਦਿਨਕਰ ਗੁਪਤਾ ਨੇ।
ਇਸ ਤੋਂ ਇਲਾਵਾ ਧੂਰੀ ‘ਚ ਹੋਏ 4 ਸਾਲਾ ਬੱਚੀ ਦੇ ਬਲਾਤਕਾਰ ਕੇਸ ਸਮੇਤ ਜਲੰਧਰ ‘ਚ ਰੇਪ ਮਾਮਲਾ ਅਤੇ ਤਰਨਤਾਰਨ ‘ਚ ਵਾਪਰੇ ਤਿਹਰੇ ਮਰਡਰ ਕੇਸ ‘ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਘਟਨਾਵਾਂ ਕਾਫੀ ਸ਼ਰਮਨਾਕ ਹਨ। ਅੱਜ ਪੰਜਾਬ ‘ਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਰੂਸਾ ਦਾ ਜਨਮਦਿਨ ਮਨਾਉਣ ‘ਚ ਰੁੱਝੇ ਹੋਏ ਹਨ। ਇਥੋਂ ਪੰਜਾਬ ‘ਚ ਜੰਗਲ ਰਾਜ ਹੋਣ ਦੇ ਸਬੂਤ ਦਾ ਪਤਾ ਲੱਗਦਾ ਹੈ।

LEAVE A REPLY

Please enter your comment!
Please enter your name here