ਮੋਗਾ-ਇੱਥੇ ਆਮ ਆਦਮੀ ਪਾਰਟੀ’ ਨੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਅਗਵਾਈ ਹੇਠ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਤਾਇਆ। ਸ੍ਰੀ ਬਾਵਾ ਨੇ ਕਿਹਾ ਕਿ ਪੰਜ ਦਿਨ ਕਰੋੜਾਂ ਲੋਕਾਂ ਨੇ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਦੁਆ ਕੀਤੀ ਪ੍ਰੰਤੂ ਪੰਜਾਬ ਸਰਕਾਰ ਨੇ ਲੋਕਾਂ ਨਾਲ ਅਤੇ ਮਾਸੂਮ ਬੱਚੇ ਦੇ ਮਾਂ-ਬਾਪ ਦੀਆਂ ਆਸਾਂ ’ਤੇ ਪਾਣੀ ਫੇਰਿਆ, ਜੇਕਰ ਇੱਥੇ ਸਰਕਾਰ ਕੋਲ 100-150 ਫੁੱਟ ਡੂੰਘੇ ਬੋਰ ਵਿੱਚ ਫਸੇ ਬੱਚੇ ਕੱਢਣ ਦੀ ਸਮਰੱਥਾ ਨਹੀਂ ਤਾਂ ਉਸ ਨੂੰ ਲੋਕਾਂ ’ਤੇ ਰਾਜ ਕਰਨ ਦਾ ਵੀ ਕੋਈ ਅਧਿਕਾਰ ਨਹੀਂ। ਸ੍ਰੀ ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੈਪਟਨ ਸਰਕਾਰ ਇਸ ਨਾਕਾਮੀ ਨੂੰ ਆਪਣੇ ਸਿਰ ਲਵੇ ਅਤੇ ਲਾਪ੍ਰਵਾਹ ਅਫ਼ਸਰਾਂ ’ਤੇ ਲੋੜੀਂਦੀ ਕਾਰਵਾਈ ਕਰੇ। ਪ੍ਰਦਰਸ਼ਨ ਵਿੱਚ ਨਸੀਬ ਬਾਵਾ ਪ੍ਰਧਾਨ ‘ਆਪ’ ਮੋਗਾ, ਅਮਿਤ ਪੁਰੀ ਯੂਥ ਆਗੂ, ਗੁਰਕੀਰਤ ਲੱਕੀ, ਮਨਪ੍ਰੀਤ ਰਿੰਕੂ, ਜੱਸੀ ਗਰਚਾ, ਪੂਨਮ ਨਾਰੰਗ, ਊਸ਼ਾ ਰਾਣੀ, ਕਮਲਜੀਤ ਕੌਰ, ਪ੍ਰਦੀਪ ਸ਼ਰਮਾ ਅਤੇ ਰਾਜਦੀਪ ਸਿੰਘ ਆਦਿ ਹਾਜ਼ਰ ਸੀ।
ਮਾਨਸਾ (ਜੋਗਿੰਦਰ ਮਾਨ): ਪਿੰਡ ਤਲਵੰਡੀ-ਅਕਲੀਆ ਦੇ ਲੋਕਾਂ ਵੱਲੋਂ ਬੋਰਵੈੱਲ ਵਿਚ ਡਿੱਗਣ ਕਾਰਨ ਫਤਿਹਵੀਰ ਸਿੰਘ ਦੀ ਹੋਈ ਮੌਤ ਦੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਬਾਹਰ ਕੱਢਣ ਲਈ ਹੋਈ 5 ਦਿਨਾਂ ਦੀ ਦੇਰੀ ਨੂੰ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਪੰਜਾਬ ਸਰਕਾਰ ਦੀ ਨਲਾਇਕੀ ਗਰਦਾਨਿਆ। ਕੁਲਦੀਪ ਸਿੰਘ ਤਲਵੰਡੀ ਅਕਲੀਆ ਨੇ ਕਿਹਾ ਕਿ ਬੱਚੇ ਨੂੰ ਬਾਹਰ ਕੱਢਣ ਲਈ ਪਹਿਲੇ ਦਿਨ ਗ਼ੈਰ ਸਿਖਲਾਈ ਸਟਾਫ ਨੂੰ ਅੱਗੇ ਕਰਨਾ, ਫਿਰ ਐੱਨਡੀਆਰਐੱਫ ਟੀਮ ਦੀ ਢਿੱਲ-ਮੱਠ ਅਤੇ ਮੁੱਖ ਮੰਤਰੀ ਦਾ ਸਿੱਧੇ ਤੌਰ ’ਤੇ ਇਸ ਘਟਨਾਕ੍ਰਮ ਵੱਲ ਧਿਆਨ ਨਾ ਹੋਣਾ ਇਸ ਮਨੁੱਖੀ ਹਾਨੀ ਦਾ ਕਾਰਨ ਬਣਿਆ। ਇਸ ਮੌਕੇ ਦਰਸ਼ਨ ਸਿੰਘ ਮਿਸਤਰੀ, ਕਾਕਾ ਸਿੰਘ ਨੇ ਵੀ ਸੰਬੋਧਨ ਕੀਤਾ।
ਭੀਖੀ (ਕਰਨ ਭੀਖੀ): ਪਿੰਡ ਭਗਵਾਨਪੁਰਾ ਜ਼ਿਲ੍ਹਾ ਸੰਗਰੂਰ ਦੇ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਦੇ ਮਾਮਲੇ ’ਚ ਕੀਤੀ ਗਈ ਕੁਤਾਹੀ ਦੇ ਰੋਸ ਵਜੋਂ ਅੱਜ ਇੱਥੇ ਬਰਨਾਲਾ ਚੌਕ ਵਿੱਚ ਨੌਜਵਾਨਾਂ ਵੱਲੋਂ ਪਟਿਆਲਾ ਮੁੱਖ ਮਾਰਗ ਨੂੰ ਦੋ ਘੰਟੇ ਲਈ ਜਾਮ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਹੁਣ ਰਾਜਨੀਤੀ ਦੀ ਭੇਟ ਚੜ੍ਹ ਚੁੱਕਿਆ ਹੈ, ਪੰਜਾਬ ਸਰਕਾਰ ਨੂੰ ਲੋਕਾਂ ਦੀ ਕੋਈ ਫਿਰਕਮੰਦੀ ਨਹੀਂ। ਧਰਨੇ ਵਿੱਚ ਸ਼ਾਮਲ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਅਤਸੀਫੇ ਦੀ ਮੰਗ ਕੀਤੀ ਗਈ। ਇਸ ਦੌਰਾਨ ਸਮੂਹ ਇਕੱਤਰ ਨੌਜਵਾਨਾਂ ਵੱਲੋਂ ਸ਼ਹਿਰ ਦੇ ਮੁੱਖ ਮਾਰਗ ’ਤੇ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਲਿਬਰੇਸ਼ਨ ਆਗੂ ਧਰਮਪਾਲ ਨੀਟਾ, ਕਾਮਰੇਡ ਨਿੱਕਾ ਸਮਾਓਂ, ਆਪ ਪਾਰਟੀ ਆਗੂ ਮਾ. ਵਰਿੰਦਰ ਸੋਨੀ ਨੇ ਸੰਬੋਧਨ ਕੀਤਾ।
ਧਨੌਲਾ (ਅਜੀਤਪਾਲ ਸਿੰਘ): ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਵਿਚ ਡਿੱਗਣ ਕਾਰਨ ਛੇ ਦਿਨ ਬਾਅਦ ਦਮ ਤੋੜ ਗਏ ਫਤਹਿਵੀਰ ਦੀ ਮੌਤ ਲਈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਜ਼ਿੰੰਮੇਵਾਰ ਠਹਿਰਾਉਂਦਿਆਂ ਲੋਕਾਂ ਨੇ ਬਰਨਾਲਾ-ਸੰਗਰੂਰ ਸ਼ਾਹਰਾਹ ਜਾਮ ਕਰ ਦਿੱਤਾ। ਧਨੌਲਾ ਬੱਸ ਸਟੈਂਡ ਨੇੜੇ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਖਾਲਿਸਤਾਨੀ ਨੇ ਆਖਿਆ ਕਿ ਬੱਚੇ ਦੇ ਬੋਰਵੈੱਲ ਵਿਚ ਡਿੱਗ ਜਾਣ ਦੀ ਘਟਨਾ ਤੋਂ ਜਿਥੇ ਮੁੱਖ ਮੰਤਰੀ ਬੇਖ਼ਬਰ ਰਿਹਾ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਦੀ ਭੂਮਿਕਾ ਨਹੀਂ ਨਿਭਾਈ। ਇਸੇ ਤਰ੍ਹਾਂ ਪਿੰਡ ਕੁੰਨਰਾਂ, ਦੁੱਗਾ ਅਤੇ ਭੈਣੀ ਮਹਿਰਾਜ ਦੇ ਵਾਸੀਆਂ ਨੇ ਹਾਈਵੇਅ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਝੁਨੀਰ (ਜੀਵਨ ਕ੍ਰਾਂਤੀ): ਝੁਨੀਰ ਕਸਬੇ ਦੇ ਪਿੰਡ ਤਲਵੰਡੀ ਅਕਲੀਆ ਵਿਚ, ਪਿੰਡ ਭਗਵਾਨਪੁਰਾ (ਸੰਗਰੂਰ) ’ਚ ਦੋ ਸਾਲਾਂ ਬੱਚੇ ਫਤਿਹਵੀਰ ਸਿੰਘ ਦੇ ਬੋਰਵੈੱਲ ਵਿੱਚ ਡਿੱਗਣ ਅਤੇ ਬਾਹਰ ਕੱਢਣ ਲਈ ਹੋਈ 5 ਦਿਨਾਂ ਦੀ ਦੇਰੀ ਨੂੰ, ਪਿੰਡ ਵਾਸੀਆਂ ਨੇ ਸਿਸਟਮ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਗਰਦਾਨਿਆਂ ਕਿਹਾ ਕਿ ਬੱਚੇ ਨੂੰ ਬਚਾਉਣ ਲਈ ਸਾਰੇ ਪ੍ਰਬੰਧ ਸੁਸਤ ਤੇ ਮੱਠੇ ਸਨ। ਭੜਕੇ ਪਿੰਡ ਵਾਸੀਆਂ ਨੇ ਮਾਨਸਾ-ਤਲਵੰਡੀ ਸਾਬੋ ਰੋਡ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪਿਛਲੇ ਦਿਨੀਂ 120 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਪਿੰਡ ਭਗਵਾਨਪੁਰਾ (ਸੰਗਰੂਰ) ਦੇ ਦੋ ਸਾਲ ਦੇ ਬੱਚੇ ਫਤਿਹਵੀਰ ਦੀ ਹੋਈ ਮੌਤ ਦੇ ਰੋਸ ਵਜੋ ਭਾਈਰੂਪਾ ਦਾ ਮੇਨ ਬਾਜ਼ਾਰ ਬੰਦ ਰਿਹਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਇਕਾਈ ਭਾਈ ਰੂਪਾ ਦੇ ਆਗੂ ਸੁਖਦੀਪ ਸਿੰਘ, ਬੂਟਾ ਸਿੰਘ ਖੋਖਰ, ਡਾ. ਸਰਬਜੀਤ ਸਿੰਘ ਅਤੇ ਕਿਸਾਨ ਆਗੂ ਨਾਹਰ ਸਿੰਘ ਭਾਈਰੂਪਾ ਨੇ ਬੋਰ ਵਿੱਚ ਡਿੱਗੇ ਫਤਿਹਵੀਰ ਦੇ ਬਚਾਅ ਕਾਰਜ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਦੀ ਨਿੰਦਾ ਕੀਤੀ।
ਆਗੂਆਂ ਕਿਹਾ ਕਿ ਕਿ ਡਾਕਟਰਾਂ ਮੁਤਾਬਕ ਕੋਈ ਇਨਸਾਨ ਹਵਾ ਤੋਂ ਬਿਨਾਂ 3 ਮਿੰਟ, ਪਾਣੀ ਬਿਨਾਂ 3 ਦਿਨ ਅਤੇ ਖਾਣੇ ਤੋਂ ਬਿਨਾਂ 3 ਹਫਤੇ ਤੱਕ ਜਿਉਂਦਾ ਰਹਿ ਸਕਦਾ ਅਤੇ ਇਸ ਹਿਸਾਬ ਨਾਲ ਬੱਚੇ ਕੋਲ ਵੱਧ ਤੋਂ ਵੱਧ 3 ਦਿਨ ਸਨ ਪਰ ਐਨਡੀਆਰਐਫ ਦੀ ਟੀਮ ਨੇ ਬੱਚੇ ਨੂੰ ਕੱਢਣ ਵਿੱਚ 6 ਦਿਨ ਲਗਾ ਦਿੱਤੇ ਤੇ ਇੱਥੇ ਉਨ੍ਹਾਂ ਦੀ ਸਾਰੀ ਰਣਨੀਤੀ ਫੇਲ੍ਹ ਹੋਈ ਤੇ ਬੱਚੇ ਨੂੰ 6ਵੇਂ ਦਿਨ ਸਿੱਧਾ ਦੇਸੀ ਤਰੀਕੇ ਨਾਲ ਬੋਰ ਵਿੱਚੋਂ ਕੁੰਡੀ ਨਾਲ ਬਾਹਰ ਖਿੱਚਿਆ ਗਿਆ। ਆਗੂਆਂ ਨੇ ਕਿਹਾ ਕਿ ਬੱਚਾ ਦੁਰਘਟਨਾ ਨਾਲ ਨਹੀਂ ਮਰਿਆ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਨਲਾਇਕੀ ਤੇ ਅਣਗਹਿਲੀ ਨਾਲ ਮਰਿਆ ਹੈ।

LEAVE A REPLY

Please enter your comment!
Please enter your name here