ਫ਼ਰੀਦਕੋਟ-ਪੁਲੀਸ ਹਿਰਾਸਤ ਵਿੱਚ ਭੇਤਭਰੀ ਹਾਲਤ ਵਿੱਚ ਮਰੇ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਪੁਲੀਸ ਨੂੰ ਪੰਜਾਬ ਤੇ ਰਾਜਸਥਾਨ ਦੀ ਹੱਦ ਨੇੜਿਓਂ ਮਿਲ ਗਈ ਹੈ। 23 ਮਈ ਤੋਂ ਲਾਸ਼ ਦੀ ਭਾਲ ਵਿੱਚ ਲੱਗੀ ਪੁਲੀਸ ਨੇ ਅੱਜ ਦੇਰ ਸ਼ਾਮ ਦਾਅਵਾ ਕੀਤਾ ਕਿ ਰਾਜਸਥਾਨ ਫੀਡਰ ਦੀ ਤਲਾਸ਼ੀ ਦੌਰਾਨ ਪਿੰਡ ਮਸੀਤਾਂ ਨੇੜੇ ਹਨੂੰਮਾਨਗੜ੍ਹ ਕੋਲੋਂ ਇੱਕ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਮੁੱਢਲੀ ਸ਼ਨਾਖ਼ਤ ਦੌਰਾਨ ਇਹ ਲਾਸ਼ ਜਸਪਾਲ ਸਿੰਘ ਦੀ ਜਾਪਦੀ ਹੈ।
ਐੱਸ.ਐੱਸ.ਪੀ. ਹਨੂੰਮਾਨਗੜ੍ਹ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਸ ਸਬੰਧੀ ਫਰੀਦਕੋਟ ਰੇਂਜ ਦੇ ਆਈ.ਜੀ. ਲਖਵਿੰਦਰ ਸਿੰਘ ਛੀਨਾ ਨੂੰ ਜਾਣਕਾਰੀ ਭੇਜ ਦਿੱਤੀ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਅਤੇ ਮੁਕਤਸਰ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਲਾਸ਼ ਮਿਲੀ ਹੈ ਜੋ ਮੁੱਢਲੇ ਰੂਪ ਵਿੱਚ ਜਸਪਾਲ ਸਿੰਘ ਦੀ ਹੀ ਜਾਪਦੀ ਹੈ।
ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਸਪਾਲ ਸਿੰਘ ਦੇ ਸਰੀਰ ਉੱਪਰ ਨਿਸ਼ਾਨਾਂ ਬਾਰੇ ਵੀ ਪੁਲੀਸ ਨੂੰ ਜਾਣਕਾਰੀ ਦਿੱਤੀ। ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਜਲਦ ਹੀ ਇਹ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਜਾਵੇਗੀ ਅਤੇ ਜੇ ਲਾਸ਼ ਦੀ ਸ਼ਨਾਖ਼ਤ ਵਿੱਚ ਕੋਈ ਦਿੱਕਤ ਆਈ ਤਾਂ ਇਸ ਲਈ ਡੀਐੱਨਏ. ਸਮੇਤ ਹੋਰ ਵਿਗਿਆਨਿਕ ਢੰਗ ਤਰੀਕਿਆਂ ਦਾ ਸਹਾਰਾ ਲਿਆ ਜਾਵੇਗਾ। ਵਿਸ਼ੇਸ਼ ਜਾਂਚ ਟੀਮ ਦਾ ਇੱਕ ਦਸਤਾ ਲਾਸ਼ ਮਿਲਣ ਤੋਂ ਬਾਅਦ ਹਨੂੰਮਾਨਗੜ੍ਹ ਲਈ ਰਵਾਨਾ ਹੋ ਗਿਆ ਹੈ।

LEAVE A REPLY

Please enter your comment!
Please enter your name here