ਚੰਡੀਗੜ੍ਹ-ਫਰੀਦਕੋਟ ਸੀਆਈਏ ਸਟਾਫ਼ ਦੀ ਹਿਰਾਸਤ ਵਿੱਚ ਸ਼ੱਕੀ ਹਾਲਤ ’ਚ ਨੌਜਵਾਨ ਜਸਪਾਲ ਸਿੰਘ ਦੀ ਹੋਈ ਮੌਤ ਵਿਰੁੱਧ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਪੀਯੂ ਦੇ ਸਟੂਡੈਂਟਸ ਸੈਂਟਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਜਸਪਾਲ ਸਿੰਘ ਦੀ ਮੌਤ ਨੂੰ ਪੁਲੀਸ ਖ਼ੁਦਕੁਸ਼ੀ ਦੱਸ ਕੇ ਪਰਦਾ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੀਆਈਏ ਸਟਾਫ਼ ਦੇ ਸਖ਼ਤ ਪਹਿਰੇ ਵਿੱਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਹਿਰਾਸਤ ਦੋਰਾਨ ਨੌਜਵਾਨ ’ਤੇ ਤਸ਼ੱਦਦ ਕੀਤਾ ਹੋਵੇਗਾ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਸੀਆਈਏ ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਦੀ ਮੌਤ ਉਪਰੰਤ ਇਹ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ ਜਿਸ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਸੀਆਈਏ ਸਟਾਫ਼ ਇੰਚਾਰਜ ਦੇ ਮੋਬਾਈਲ ਫੋਨ ਦੀਆਂ ਕਾਲ ਡਿਟੇਲਾਂ ਕੱਢਵਾ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਖ਼ਿਲਾਫ਼ ਮਨੁੱਖੀ ਹੱਕਾਂ ਦੇ ਘਾਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ ਪਰ ਪੰਜਾਬ ਸਰਕਾਰ ਪੁਲੀਸ ਨੂੰ ਅਸੀਮ ਤਾਕਤਾਂ ਦੇ ਕੇ ਪੰਜਾਬ ਦੀ ਜਵਾਨੀ ਦੇ ਘਾਣ ਲਈ ਨਵੇਂ ਰਾਹ ਖੋਲ੍ਹਣ ਦੀਆਂ ਤਿਆਰੀਆਂ ਕਰ ਰਹੀ ਹੈ। ਉਨਾਂ ਕਿਹਾ ਕਿ ਪੁਲੀਸ ਅਫਸਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬਦੇਹ ਹੋਣਾ ਚਾਹੀਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਅੱਜ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦਾ ਦੌਰਾ ਕੀਤਾ। ਉਨ੍ਹਾਂ ਨੇ ਇੰਸਟੀਚਿਊਟ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਉੱਦਮੀ ਵਿਕਾਸ ਸੈੱਲ ਲਈ ਸ਼ੁਰੂਆਤੀ ਕੇਂਦਰ ਸਥਾਪਤ ਕਰਨ ਲਈ ਥਾਂ ਦੀ ਭਾਲ ਕਰਨ ਅਤੇ ਇਸ ਕੰਮ ਲਈ ਅਨੁਮਾਨਤ ਬਜਟ ਭੇਜਣ ਲਈ ਕਿਹਾ। ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਗੁਪਤ ਸ਼ਾਖਾ ਦਾ ਵੀ ਦੌਰਾ ਕੀਤਾ ਅਤੇ ਪ੍ਰੀਖਿਆਵਾਂ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ।

LEAVE A REPLY

Please enter your comment!
Please enter your name here