ਪਿੰਡ ਬਠੋਣੀਆਂ ਕਲਾਂ ਵਿੱਚ ਪੇਚਸ਼ ਫੈਲਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 131 ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 7 ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਪਿੰਡ ਦੇ ਸਰਪੰਚ ਸੁਭਾਸ਼ ਚੰਦ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਦਿਨਾਂ ਦੌਰਾਨ ਪਿੰਡ ਦੀ ਵਸਨੀਕ ਲੜਕੀ ਪ੍ਰੀਤੀ (18) ਪੁੱਤਰੀ ਤਰਸੇਮ ਲਾਲ ਅਤੇ ਸਤਵਿੰਦਰ ਸਿੰਘ (30) ਪੁੱਤਰ ਬੰਤ ਸਿੰਘ ਨੂੰ ਦਸਤ ਲੱਗਣ ਕਾਰਨ ਪਹਿਲਾਂ ਪਿੰਡ ਦੇ ਡਾਕਟਰ ਨੂੰ ਦਿਖਾਇਆ ਗਿਆ ਅਤੇ ਫਿਰ ਰਾਜਪੁਰਾ ਤੋਂ ਦਵਾਈ ਲਿਆਂਦੀ ਗਈ ਪਰ ਉਨ੍ਹਾਂ ਦੀ ਮੌਤ ਹੋ ਗਈ। ਸਿਵਲ ਸਰਜਨ ਪਟਿਆਲਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਡਾਕਟਰਾਂ ਦੀ ਟੀਮ ਨਾਲ ਪਿੰਡ ਦਾ ਦੌਰਾ ਕੀਤਾ ਹੈ। ਸਰਕਾਰੀ ਹਸਪਤਾਲ ਘਨੌਰ ਦੇ ਐਸਐਮਓ ਸਤਿੰਦਰ ਕੌਰ ਸੰਧੂ, ਡਾ. ਪ੍ਰਦੀਪ ਸਿੰਘ ਤੇ ਟੀਮ ਵੱਲੋਂ ਪਿੰਡ ਵਿੱਚ ਘਰੋ ਘਰੀ ਜਾ ਕੇ ਤੇ ਕੈਂਪ ਲਗਾ ਕੇ 131 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚ 92 ਮਰੀਜ਼ਾਂ ਨੂੰ ਪੇਚਸ਼ ਹੋਣ ਦੀ ਪੁਸ਼ਟੀ ਹੋਈ ਹੈ ਜਦੋਂਕਿ ਬਾਕੀ ਦੇ 39 ਮਰੀਜ਼ ਹੋਰ ਬਿਮਾਰੀ ਤੋਂ ਪੀੜਤ ਹਨ।
ਡਾਕਟਰ ਮਲਹੋਤਰਾ ਨੇ ਦੱਸਿਆ ਕਿ ਪੇਚਸ਼ ਫੈਲਣ ਦਾ ਕਾਰਨ ਦੂਸ਼ਿਤ ਪਾਣੀ ਪੀਣਾ ਹੋ ਸਕਦਾ ਹੈ ਕਿਉਂਕਿ ਬਹੁਤੇ ਘਰਾਂ ਵਿੱਚ ਪਾਣੀ ਦੀਆਂ ਪਾਈਪਾਂ ਵਿੱਚੋਂ ਸਿੱਧੇ ਟੂਟੀਆਂ ਦੇ ਕੁਨੈਕਸ਼ਨ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਤਵਿੰਦਰ ਸਿੰਘ ਦਾ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ ਜਿਸ ਦੀ ਮੌਤ ਦੇ ਕਾਰਨਾਂ ਦਾ ਰਿਪੋਰਟ ਆਉਣ ’ਤੇ ਪਤਾ ਲੱਗ ਸਕੇਗਾ। ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਵਿੱਚ ਪਾਣੀ ਦੀਆਂ ਟੈਂਕੀਆਂ ਵਿੱਚ ਪਾਉਣ ਲਈ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਹਨ। ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਨੂੰ ਓਆਰਐਸ ਦਾ ਘੋਲ ਪੀਣ ਲਈ ਕਿਹਾ ਗਿਆ ਹੈ। ਪਿੰਡ ਵਿੱਚੋਂ ਪੀਣ ਵਾਲੇ ਪਾਣੀ ਦੇ ਪੰਜ ਸੈਂਪਲ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਵਾਟਰ ਵਰਕਸ ਚਾਰ ਦਿਨਾਂ ਤੋਂ ਨੁਕਸ ਪੈਣ ਕਾਰਨ ਬੰਦ ਹੈ ਜਿਸ ਕਾਰਨ ਲੋਕ ਕੁਝ ਘਰਾਂ ਵਿੱਚੋਂ ਸਬਮਰਸੀਬਲਾਂ ਜਾਂ ਖੇਤਾਂ ਦੇ ਟਿਊਬਵੈੱਲਾਂ ਦਾ ਪਾਣੀ ਲਿਆ ਕੇ ਪੀ ਰਹੇ ਹਨ।

LEAVE A REPLY

Please enter your comment!
Please enter your name here