ਪਟਿਆਲਾ-ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਦੀਆਂ ਥਾਵਾਂ ਵਿਚ ਪੈਟਰੋਲ ਪੰਪ ਲਾਵੇਗੀ ਅਤੇ ਇਨ੍ਹਾਂ ਪੰਪਾਂ ਨੂੰ ਚੰਗੇ ਆਚਰਣ ਵਾਲੇ ਕੈਦੀ ਚਲਾਉਣਗੇ। ਇਸ ਤਹਿਤ ਅੱਜ ਇੱਥੇ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ’ਚ ਇੰਡੀਅਨ ਆਇਲ ਕੰਪਨੀ ਨਾਲ ਸਮਝੌਤੇ ’ਤੇ ਸਹੀ ਪਾਈ ਗਈ। ਇਸ ਮੌਕੇ ਏ.ਡੀ.ਜੀ.ਪੀ. (ਜੇਲ੍ਹਾਂ) ਰੋਹਿਤ ਚੌਧਰੀ ਵੀ ਮੌਜੂਦ ਸਨ। ਇਸ ਸਬੰਧੀ ਪਾਇਲਟ ਪ੍ਰਾਜੈਕਟ ਪਟਿਆਲਾ ਵਿਚ ਲਾਏ ਜਾਣ ਦਾ ਐਲਾਨ ਕਰਦਿਆਂ ਜੇਲ੍ਹ ਮੰਤਰੀ ਨੇ ਦੱਸਿਆ ਕਿ ਇਸ ਪੰਪ ਨੂੰ ਚੰਗੇ ਆਚਰਣ ਵਾਲੇ ਕੈਦੀ ਹੀ ਚਲਾਉਣਗੇ। ਅਜਿਹੇ ਪੰਪਾਂ ’ਤੇ ਜੇਲ੍ਹਾਂ ’ਚ ਬਣੇ ਸਾਜ਼ੋ-ਸਾਮਾਨ ਸਮੇਤ ਵੇਰਕਾ ਤੇ ਮਾਰਕਫੈੱਡ ਦੀਆਂ ਵਸਤਾਂ ਦੀ ਵਿਕਰੀ ਲਈ ਆਊਟਲੈੱਟ ਵੀ ਖੋਲ੍ਹੇ ਜਾਣਗੇ ਅਤੇ ਹੋਣ ਵਾਲੀ ਆਮਦਨ ਬੰਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ।
ਇਸ ਉਪਰੰਤ ਜੇਲ੍ਹ ਮੰਤਰੀ ਨੇ ਟਰੇਨਿੰਗ ਸਕੂਲ ਤੋਂ ਸਿਖਲਾਈ ਪੂਰੀ ਕਰਨ ਵਾਲੇ 246 ਵਾਰਡਰਾਂ ਅਤੇ ਮੈਟਰਨ ਰੰਗਰੂਟਾਂ ਦੀ ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਕੀਤਾ। ਟਰੇਨਿੰਗ ਸਕੂਲ ਲਈ ਪੰਜ ਲੱਖ ਰੁਪਏ ਦੇਣ ਸਮੇਤ ਆਡੀਟੋਰੀਅਮ ਏਅਰ-ਕੰਡੀਸ਼ਨਡ ਕਰਨ ਦਾ ਐਲਾਨ ਕਰਦਿਆਂ ਮੰਤਰੀ ਨੇ ਕਿਹਾ ਕਿ ਭਵਿੱਖ ’ਚ ਜੇਲ੍ਹਾਂ ਦੇ ਵਾਰਡਰਾਂ ਅਤੇ ਮੈਟਰਨਾਂ ਦੀਆਂ ਟੁਕੜੀਆਂ ਵੀ ਸੁਤੰਤਰਤਾ ਅਤੇ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਨਗੀਆਂ। ਸਿਖਲਾਈ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਦੌਰਾਨ ਜੇਲ੍ਹ ਟਰੇਨਿੰਗ ਸਕੂਲ ’ਚ ਜੇਲ੍ਹ ਸੁਧਾਰਾਂ ਸਬੰਧੀ ਡਿਪਲੋਮਾ ਕਰਵਾਉਣ ਦਾ ਲਾਅ ਯੂਨੀਵਰਸਿਟੀ ਨਾਲ ਸਮਝੌਤਾ ਵੀ ਕੀਤਾ ਗਿਆ ਹੈ। ਜੇਲ੍ਹਾਂ ਲਈ ਦਿੱਤੀਆਂ ਪੰਜ ਨਵੀਆਂ ਗੱਡੀਆਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਜੇਲ੍ਹ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਜੇਲ੍ਹਾਂ ਦੇ ਸੁਧਾਰ ਲਈ ਵੀ ਫੰਡ ਮੁਹੱਈਆ ਕੀਤੇ ਜਾਣ। ਉਨ੍ਹਾਂ ਜਲਦੀ ਹੀ 420 ਜੇਲ੍ਹ ਮੁਲਾਜ਼ਮਾਂ ਦੀ ਭਰਤੀ ਸਮੇਤ ਤਰੱਕੀਆਂ ਦੇਣ ਦੀ ਗੱਲ ਵੀ ਆਖੀ।
ਇਸ ਮੌਕੇ ਵਿਧਾਇਕ ਰਾਜਿੰਦਰ ਸਿੰਘ, ਮੇਅਰ ਸੰਜੀਵ ਬਿੱਟੂ, ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ, ਇੰਡੀਅਨ ਆਇਲ ਦੇ ਜਨਰਲ ਮੈਨੇਜਰ ਰਿਟੇਲ ਸੇਲਜ਼ ਅਮਰਿੰਦਰ ਕੁਮਾਰ, ਨਰਪਾਲ ਸਿੰਘ ਤੇ ਮੋਹਿਤ ਗੋਇਲ, ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਰੇਸ਼ ਕੁਮਾਰ ਵਤਸ, ਡਾ. ਸ਼ਰਨਜੀਤ ਕੌਰ, ਐੱਚ.ਡੀ.ਐੱਫ.ਸੀ. ਦੇ ਜ਼ੋਨਲ ਮੁਖੀ ਜਤਿੰਦਰ ਗੁਪਤਾ, ਡੀ.ਆਈ.ਜੀ. ਜੇਲ੍ਹਾਂ ਲਖਮਿੰਦਰ ਸਿੰਘ ਜਾਖੜ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here