ਮੁਹਾਲੀ-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਵਿਚ ਜਨਤਕ ਥਾਵਾਂ ’ਤੇ ਸ੍ਰੀ ਸਿੱਧੂ ਦੇ ਅਸਤੀਫ਼ੇ ਬਾਰੇ ਗੁੰਮਨਾਮ ਪੋਸਟਰ ਲਗਾਏ ਗਏ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਲੱਗੇ ਇਨ੍ਹਾਂ ਇਸ਼ਤਿਹਾਰਾਂ ’ਤੇ ਲਿਖਿਆ ਗਿਆ ਹੈ ਕਿ ‘ਮੈਂ ਰਾਜਨੀਤੀ ਛੱਡਾਂਗਾ’, ਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਨੂੰ ਗੁਆ ਦਿੱਤਾ। ਨਵਜੋਤ ਸਿੰਘ ਸਿੱਧੂ ਤੁਸੀਂ ਕਦੋਂ ਰਾਜਨੀਤੀ ਛੱਡੋਗੇ? ਹੁਣ ਸਮਾਂ ਆ ਗਿਆ ਹੈ, ਤੁਹਾਡੇ ਸ਼ਬਦਾਂ ਨੂੰ ਪੁਗਾਉਣ ਦਾ, ਅਸੀਂ ਤੁਹਾਡੇ ਅਸਤੀਫ਼ੇ ਦੀ ਉਡੀਕ ਕਰ ਰਹੇ ਹਾਂ’ ਇਸ ਮੌਕੇ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ੍ਰੀ ਸਿੱਧੂ ਨੇ ਕਿਸੇ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਸਿੱਧੂ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹਨ। ਹਾਲਾਂਕਿ ਸ੍ਰੀ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪਹਿਲਾਂ ਹੀ ਦੂਰੀਆਂ ਸਨ ਪ੍ਰੰਤੂ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਸ੍ਰੀ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਦੇਣ ਕਾਰਨ ਦੋਵੇਂ ਆਗੂਆਂ ਵਿਚ ਪਾੜਾ ਕਾਫੀ ਵਧ ਗਿਆ ਹੈ। ਹਾਲੇ ਤੱਕ ਸ੍ਰੀ ਸਿੱਧੂ ਨੇ ਆਪਣੇ ਨਵੇਂ ਵਿਭਾਗ ਦਾ ਚਾਰਜ ਵੀ ਨਹੀਂ ਸੰਭਾਲਿਆ ਹੈ, ਜਿਸ ਕਾਰਨ ਕੈਪਟਨ ਨੇ ਖੁਦ ਪਾਵਰਕੌਮ ਵਿਭਾਗ ਦੀ ਨਿਗਰਾਨੀ ਦਾ ਬੀੜਾ ਚੁੱਕਿਆ ਹੈ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਸਿਆਸੀ ਆਗੂਆਂ ਨੂੰ ਸਟੇਜ ’ਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਨੇ ਉਕਤ ਬਿਆਨਬਾਜ਼ੀ ਕੀਤੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਜੇਕਰ ਅਸਤੀਫ਼ਾ ਨਹੀਂ ਦੇਣਾ ਤਾਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲੈਣ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਝੂਠਿਆਂ ਦੀ ਪਾਰਟੀ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਚੁੱਕੀ ਸੀ ਲੇਕਿਨ ਹੁਣ ਆਪਣੇ ਵਾਅਦੇ ਤੋਂ ਮੁਕਰ ਗਏ ਹਨ।

ਪੁਲੀਸ ਕੋਲ ਸ਼ਿਕਾਇਤ ਕਰਾਂਗੇ: ਗਿੱਲ
ਮੁਹਾਲੀ ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਹੁਣ ਜਾਣਕਾਰੀ ਮਿਲਣ ਤੋਂ ਬਾਅਦ ਉਹ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਗੁੰਮਨਾਮ ਇਸ਼ਤਿਹਾਰ ਲਗਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਨ ਲਈ ਪੁਲੀਸ ਨੂੰ ਸ਼ਿਕਾਇਤ ਦੇਣਗੇ। ਉਂਝ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਸ੍ਰੀ ਸਿੱਧੂ ਤੋਂ ਅਸਤੀਫ਼ਾ ਲੈਣਾ ਹੈ ਜਾਂ ਨਹੀਂ। ਇਸ ਲਈ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਅਜਿਹੀਆਂ ਹਰਕਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ।

LEAVE A REPLY

Please enter your comment!
Please enter your name here