ਸੰਗਰੂਰ-ਸੰਗਰੂਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਕੋਈ ਵਕੀਲ ਧੂਰੀ ’ਚ ਚਾਰ ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਵਾਪਰੀ ਘਟਨਾ ਦੇ ਕਥਿਤ ਮੁੱਖ ਦੋਸ਼ੀ ਦਾ ਕੇਸ ਨਹੀਂ ਲੜੇਗਾ। ਇਸ ਬਾਰੇ ਆਪਸੀ ਸਹਿਮਤੀ ਨਾਲ ਲਏ ਫੈਸਲੇ ਦੀ ਪੁਸ਼ਟੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਵਲੋਂ ਕੀਤੀ ਗਈ ਹੈ। ਉਧਰ ਸੀਨੀਅਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਸ਼ੋਸ਼ਲ ਮੀਡੀਆ ’ਤੇ ਕੇਸ ਲੜਨ ਦੀ ਫੈਲਾਈ ਜਾ ਰਹੀ ਅਫ਼ਵਾਹ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਘਟਨਾ ਦੇ ਮੁੱਖ ਦੋੋਸ਼ੀ ਵਲੋਂ ਉਹ ਕੋਈ ਕੇਸ ਨਹੀਂ ਲੜ ਰਹੇ ਅਤੇ ਨਾ ਹੀ ਲੜਨਗੇ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਨੇ ਧੂਰੀ ਜਬਰ ਜਨਾਹ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਨੇ ਆਪਣੀ ਸਹਿਮਤੀ ਨਾਲ ਘਟਨਾ ਦੇ ਮੁੱਖ ਦੋਸ਼ੀ ਦਾ ਕੇਸ ਨਾ ਲੜਨ ਦਾ ਫੈਸਲਾ ਲਿਆ ਹੈ। ਸੀਨੀਅਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਵਹ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਅਪਰਾਧਿਕ ਘਟਨਾ ਦੇ ਦੋਸ਼ੀ ਨੂੰ ਸਖਤ ਸਜ਼ਾ ਮਿਲਣੀ ਚਾਹਦੀ ਹੈ। ਸ੍ਰੀ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਧੂਰੀ ਦੇ ਸਬੰਧਤ ਸਕੂਲ ਦੀ ਇੱਕ ਵੱਖਰੀ ਬਰਾਂਚ ਵਿਚ ਬਤੌਰ ਉਪ ਪ੍ਰਿੰਸੀਪਲ ਕੰਮ ਕਰ ਰਹੀ ਮਾਧਵੀ ਨਾਮ ਦੀ ਲੜਕੀ ਦੇ ਘਰ ਪੁਲੀਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਇੱਕ ਵਕੀਲ ਦੀ ਲੜਕੀ ਹੈ। ਇਸ ਲੜਕੀ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਬੱਚੀ ਦੇ ਪਿਤਾ ਨੇ ਵੀ ਅੱਜ ਅਦਾਲਤ ਵਿਚ ਪੇਸ਼ ਹੋ ਕੇ ਬਿਆਨ ਦਰਜ ਕਰਵਾਏ ਹਨ ਕਿ ਉਸ ਵਲੋਂ ਮਾਧਵੀ ਦੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

LEAVE A REPLY

Please enter your comment!
Please enter your name here