ਅੰਮ੍ਰਿਤਸਰ-ਤਰਨ ਤਾਰਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਨੁਕਸਾਨੀ ਗਈ ਦਰਸ਼ਨੀ ਡਿਓਢੀ ਨੂੰ ਮੁੜ ਉਸੇ ਰੂਪ ਵਿਚ ਉਸਾਰਨ ਲਈ ਅੱਜ ਤਕਨੀਕੀ ਮਾਹਿਰਾਂ ਦੀ ਇਕ ਕਮੇਟੀ ਨੇ ਮੌਕੇ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਮਾਹਿਰਾਂ ਦੀ ਕਮੇਟੀ ਦੀ ਇਥੇ ਮੀਟਿੰਗ ਹੋਈ, ਜਿਸ ਵਿਚ ਮਾਹਿਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਇਮਾਰਤ ਦੀ ਮੁੜ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਜਲਦੀ ਹੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧ ਵਿਚ ਅੱਜ ਇਥੇ 11 ਮੈਂਬਰੀ ਵਿਰਾਸਤੀ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ਵਿਚ ਮਾਹਿਰਾਂ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਨੁਕਸਾਨੀ ਗਈ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਉਸੇ ਹੀ ਰੂਪ ਵਿਚ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਪੁਰਾਤਨ ਡਿਓਢੀ ਨੂੰ ਪਹਿਲਾਂ ਵਾਂਗ ਪੁਰਾਤਨ ਰੂਪ ਵਿਚ ਹੀ ਮੁੜ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਨੁਕਸਾਨ ਡਿਓਢੀ ਦੇ ਗੁੰਬਦਾਂ ਨੂੰ ਪੁੱਜਿਆ ਸੀ। ਮਾਹਿਰਾਂ ਨੇ ਇਸ ਮਗਰੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਦਰਸ਼ਨੀ ਡਿਓਢੀ ਨੂੰ ਢਾਹੁਣ ਦੇ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ ਹੈ। ਸ੍ਰੀ ਲੌਂਗੋਵਾਲ ਨੇ ਫਿਲਹਾਲ ਇਸ ਰਿਪੋਰਟ ਵਿਚਲੇ ਤੱਥਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਓਢੀ ਨੂੰ ਮੁੜ ਪਹਿਲਾ ਵਾਂਗ ਹੀ ਸੁਰਜੀਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੜ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਮੀਟਿੰਗ ਵਿਚ ਸ਼ਾਮਲ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਿਰਾਸਤੀ ਕਮੇਟੀ ਅਤੇ ਇਸ ਵਿਚ ਸ਼ਾਮਲ ਮਾਹਿਰਾਂ ਵੱਲੋਂ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਨੂੰ ਹਰੀ ਝੰਡੀ ਦੇਣ ਦੀ ਤਸਦੀਕ ਕੀਤੀ ਹੈ। ਇਹ ਮੁੜ ਉਸਾਰੀ ਕਾਰ ਸੇਵਾ ਦੀ ਥਾਂ ਸ਼੍ਰੋਮਣੀ ਕਮੇਟੀ ਆਪਣੇ ਪੱਧਰ ’ਤੇ ਮਾਹਿਰਾਂ ਦੀ ਨਿਗਰਾਨੀ ਹੇਠ ਕਰਵਾਏਗੀ। ਵਰਣਨਯੋਗ ਹੈ ਕਿ ਦਰਸ਼ਨੀ ਡਿਓਢੀ ਦੀ ਮੁਰੰਮਤ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਦੇ ਜਥੇ ਨੂੰ ਸੌਂਪੀ ਗਈ ਸੀ, ਜੋ ਇਸ ਘਟਨਾ ਮਗਰੋਂ ਵਾਪਸ ਲੈ ਲਈ ਗਈ। ਦਰਸ਼ਨੀ ਡਿਓਢੀ ਢਾਹੁਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਗੁਰਦੁਆਰੇ ਦੇ ਮੈਨੇਜਰ ਨੂੰ ਵੀ ਸ਼੍ਰੋਮਣੀ ਕਮੇਟੀ ਨੇ ਮੁਅੱਤਲ ਕਰ ਦਿੱਤਾ ਸੀ।

LEAVE A REPLY

Please enter your comment!
Please enter your name here