ਬਠਿੰਡਾ-ਬਠਿੰਡਾ ਪੁਲੀਸ ਦੇ ਥਾਣੇਦਾਰ ਨੇ ਇਕ ਨੌਜਵਾਨ ਦੀ ਅਜਿਹੇ ਜ਼ਾਲਿਮਾਨਾ ਢੰਗ ਨਾਲ ਕੁੱਟਮਾਰ ਕੀਤੀ ਕਿ ਉਸ ਨੂੰ ਫੌਰੀ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਜ਼ਿਕਰਯੋਗ ਹੈ ਕਿ ਹਿਰਾਸਤ ’ਚ ਮਰੇ ਜਸਪਾਲ ਸਿੰਘ ਦੀ ਲਾਸ਼ ਅਜੇ ਤੱਕ ਲੱਭੀ ਨਹੀਂ ਜਾ ਸਕੀ ਹੈ। ਬਠਿੰਡਾ ਵਿਚ ਪੀੜਤ ਨੌਜਵਾਨ ਦੀ ਪਛਾਣ ਮਨਵੀਰ ਸਿੰਘ ਵਜੋਂ ਹੋਈ ਹੈ ਤੇ ਉਸ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ। ਨੌਜਵਾਨ ਨੂੰ ਪਹਿਲਾਂ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਮਗਰੋਂ ਫ਼ਰੀਦਕੋਟ ਰੈਫਰ ਕੀਤਾ ਗਿਆ। ਮਨਵੀਰ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਨਵਾਂ ਕਿਲਾ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਪਿੰਡ ਦੀ ਪੰਚਾਇਤ ਵੱਲੋਂ ਬਠਿੰਡਾ ਪੁਲੀਸ ਕੋਲ ਪੇਸ਼ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੋਨਿਆਣਾ ਇਲਾਕੇ ਦੀ ਵਿਆਹੁਤਾ ਔਰਤ ਘਰੋਂ ਲਾਪਤਾ ਸੀ ਤੇ ਇਸ ਸਿਲਸਿਲੇ ਵਿਚ ਇਸ ਨੌਜਵਾਨ ’ਤੇ ਸ਼ੱਕ ਜਤਾਇਆ ਜਾ ਰਿਹਾ ਸੀ। ਪੀੜਤ ਨੌਜਵਾਨ ਦੇ ਵਾਰਿਸਾਂ ਨੇ ਦੱਸਿਆ ਐਤਵਾਰ ਪੁਲੀਸ ਚੌਂਕੀ ਵਿਚ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿਚ ਰਾਜ਼ੀਨਾਮਾ ਹੋ ਗਿਆ ਸੀ ਪਰ ਰਾਜ਼ੀਨਾਮਾ ਲਿਖਣ ਤੋਂ ਪਹਿਲਾਂ ਏਐੱਸਆਈ ਕੌਰ ਸਿੰਘ ਇਹ ਕਹਿ ਕੇ ਮੁੰਡੇ ਨੂੰ ਚੌਂਕੀ ਦੇ ਇੱਕ ਕਮਰੇ ਵਿਚ ਲੈ ਗਿਆ ਕਿ ਉਹ ਦੂਸਰੀ ਧਿਰ ਦੀਆਂ ਅੱਖਾਂ ਠੰਢੀਆਂ ਕਰ ਦੇਵੇ।
ਪਰਿਵਾਰ ਨੇ ਦੱਸਿਆ ਕਿ ਨੌਜਵਾਨ ਜਦ ਬੈਠਾ ਸੀ ਤਾਂ ਏਐੱਸਆਈ ਨੇ ਪਹਿਲਾਂ ਉਸ ਦੇ ਗੁਪਤ ਅੰਗਾਂ ’ਤੇ ਲੱਤ ਮਾਰੀ ਤੇ ਫਿਰ ਦੂਜੀ ਲੱਤ ਉਸ ਦੀ ਧੌਣ ’ਤੇ ਮਾਰੀ। ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਪੰਚਾਇਤ ਵਾਲੇ ਚੁੱਕ ਕੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲੈ ਆਏ। ਇਸ ਦੌਰਾਨ ਚੌਂਕੀ ਇੰਚਾਰਜ ਕੌਰ ਸਿੰਘ ਉਨ੍ਹਾਂ ਦੇ ਪਿੱਛੇ ਹੀ ਬਠਿੰਡਾ ਦੇ ਹਸਪਤਾਲ ਵਿਚ ਪਹੁੰਚ ਗਿਆ ਤੇ ਪੀੜਤ ਨੌਜਵਾਨ ਦੇ ਵਾਰਿਸਾਂ ਦੀ ਇਸ ਮੌਕੇ ਥਾਣੇਦਾਰ ਨਾਲ ਤਲਖ਼ਕਲਾਮੀ ਵੀ ਹੋਈ। ਮੌਕਾ ਵੇਖ ਕੇ ਥਾਣੇਦਾਰ ਨੇ ਹਸਪਤਾਲ ’ਚੋਂ ਚਲੇ ਜਾਣ ’ਚ ਹੀ ਬਿਹਤਰੀ ਸਮਝੀ। ਹਸਪਤਾਲ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਮੌਜੂਦ ਹੈ ਤੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਵੇਰਵਿਆਂ ਮੁਤਾਬਕ ਪੀੜਤ ਨੌਜਵਾਨ ਦੀ ਧੌਣ ਸਿੱਧੀ ਨਹੀਂ ਹੋ ਰਹੀ ਹੈ ਅਤੇ ਪਿਸ਼ਾਬ ਵੀ ਰੁਕ ਗਿਆ ਹੈ। ਅੱਜ ਪੁਲੀਸ ਪਾਰਟੀ ਹਸਪਤਾਲ ’ਚ ਬਿਆਨ ਕਲਮਬੱਧ ਕਰਨ ਪੁੱਜੀ ਸੀ ਪਰ ਬਿਆਨ ਨਹੀਂ ਹੋ ਸਕੇ। ਨੌਜਵਾਨ ਮਨਵੀਰ ਦੇ ਹਿਮਾਚਲ ਪ੍ਰਦੇਸ਼ ਵਿਚ ਕੰਮ ਕਰਦੇ ਹੋਣ ਬਾਰੇ ਜਾਣਕਾਰੀ ਮਿਲੀ ਹੈ।

LEAVE A REPLY

Please enter your comment!
Please enter your name here