ਨਵੀਂ ਦਿੱਲੀ-ਐਨਆਈਏ ਨੇ ਅੱਜ ਵੱਖਵਾਦੀ ਆਗੂਆਂ ਜੰਮੂ ਕਸ਼ਮੀਰ ਡੈਮੋਕਰੈਟਿਕ ਫਰੀਡਮ ਪਾਰਟੀ ਦੇ ਮੁਖੀ ਸ਼ਬੀਰ ਸ਼ਾਹ, ਦੁਖਤਰਾਨ-ਏ-ਮਿੱਲਤ ਦੀ ਮੁਖੀ ਆਸੀਆ ਅੰਦਰਾਬੀ ਤੇ ਪੱਥਰਬਾਜ਼ਾਂ ਦੀ ਅਗਵਾਈ ਕਰਨ ਵਾਲੇ ਮਸੱਰਤ ਆਲਮ ਭੱਟ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਤਿੰਨਾਂ ਨੂੰ ਅਤਿਵਾਦੀ ਫੰਡਿੰਗ ਨਾਲ ਸਬੰਧਤ ਕੇਸਾਂ ’ਚ ਹਿਰਾਸਤ ’ਚ ਲਿਆ ਗਿਆ ਹੈ।
ਕੌਮੀ ਜਾਂਚ ਏਜੰਸੀ ਬੀਤੀ ਰਾਤ ਜੰਮੂ ਕਸ਼ਮੀਰ ਮੁਸਲੀਮ ਲੀਗ ਦੇ ਚੇਅਰਮੈਨ ਭੱਟ ਨੂੰ ਦਿੱਲੀ ਲਿਆਈ ਹੈ ਜੋ ਜੰਮੂ ਕਸ਼ਮੀਰ ਦੀ ਜੇਲ੍ਹ ’ਚ ਬੰਦ ਸੀ। ਉਸ ਨੂੰ ਵਧੀਕ ਸੈਸ਼ਨ ਜੱਜ ਰਾਕੇਸ਼ ਸਿਆਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 10 ਦਿਨ ਲਈ ਐੱਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਭੱਟ ਦੇ ਨਾਲ ਨਾਲ ਅਦਾਲਤ ਨੇ ਸ਼ਾਹ ਤੇ ਅੰਦਰਾਬੀ ਨੂੰ ਵੀ ਅਤਿਵਾਦੀ ਫੰਡਿੰਗ ਦੇ ਮਾਮਲੇ ’ਚ 14 ਜੂਨ ਐੱਨਆਈਏ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ ਜਿਨ੍ਹਾਂ ਨੂੰ ਵੱਖ ਵੱਖ ਕੇਸਾਂ ’ਚ ਐੱਨਆਈਏ ਨੇ ਪਹਿਲਾਂ ਹੀ ਹਿਰਾਸਤ ’ਚ ਲਿਆ ਹੋਇਆ ਹੈ। ਭੱਟ ਨੂੰ ਕਸ਼ਮੀਰ ’ਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਨਜ਼ਰਬੰਦ ਰੱਖਿਆ ਗਿਆ ਸੀ। ਇਨ੍ਹਾਂ ਤੋਂ ਪਹਿਲਾਂ ਐੱਨਆਈਏ ਵੱਲੋਂ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਨੂੰ ਅਤਿਵਾਦੀ ਫੰਡਿੰਗ ਦੇ ਮਾਮਲੇ ’ਚ ਇੱਥੇ ਲਿਆਂਦਾ ਗਿਆ ਸੀ। ਕੌਮੀ ਜਾਂਚ ਏਜੰਸੀ ਨੇ ਹੁਣ ਆਫਤਾਬ ਹਿਲਾਲੀ ਸ਼ਾਹ ਉਰਫ਼ ਸ਼ਾਹਿਦ ਉਲ ਇਸਲਾਮ, ਫਾਰੂਕ ਅਹਿਮਦ ਡਾਲ ਉਰਫ਼ ਬਿੱਟਾ ਕਰਾਟੇ, ਨਈਮ ਖਾਨ, ਅਲਤਾਫ਼ ਅਹਿਮਦ ਸ਼ਾਹ, ਰਾਜਾ ਮਿਹਰਾਜੂਦੀਨ ਕਲਵਲ ਤੇ ਬਸ਼ੀਰ ਅਹਿਮਦ ਭੱਟ ਉਰਫ਼ ਪੀਰ ਸੈਫੁੱਲ੍ਹਾ ਜਿਹੇ ਵੱਖਵਾਦੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਲਤਾਫ ਅਹਿਮਦ ਸ਼ਾਹ ਹੁਰੀਅਤ ਆਗੂ ਸਈਦ ਅਲੀ ਗਿਲਾਨੀ ਦਾ ਜਵਾਈ ਹੈ ਜੋ ਜੰਮੂ ਕਸ਼ਮੀਰ ਦਾ ਪਾਕਿਸਤਾਨ ’ਚ ਰਲੇਵਾਂ ਕਰਨ ਦੀ ਪੈਰਵੀ ਕਰਦੇ ਹਨ। ਐੱਨਆਈਏ ਨੇ 18 ਜਨਵਰੀ 2018 ’ਚ ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫਿਜ਼ ਸਈਦ ਤੇ ਹਿਜ਼ਬੁਲ ਮੁਜਾਹੀਦੀਨ ਦੇ ਮੁਖੀ ਸਈਦ ਸਲਾਹੁੱਦੀਨ ਸਮੇਤ 12 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

LEAVE A REPLY

Please enter your comment!
Please enter your name here