Indian junior doctors hold placards during a protest at North Medical College and Hospital in Siliguri on June 16, 2019. - The doctors, who are protesting against the assault on two of their colleagues at NRS Medical College and Hospital in Kolkata, have sought an unconditional apology from Chief Minister Mamata Banerjee and demanded adequate security and protection from the Bengal government to meet to withdraw their protest. (Photo by DIPTENDU DUTTA / AFP)

ਨਵੀਂ ਦਿੱਲੀ-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਐਲਾਨ ਕੀਤਾ ਹੈ ਕਿ ਪੱਛਮੀ ਬੰਗਾਲ ਵਿਚ ਡਾਕਟਰਾਂ ’ਤੇ ਹਮਲੇ ਵਿਰੁੱਧ ਭਲਕੇ ਗ਼ੈਰ ਜ਼ਰੂਰੀ ਸਿਹਤ ਸੇਵਾਵਾਂ ਨੂੰ ਰੱਦ ਕਰਨ ਦੇ ਨਾਲ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। ਸੰਸਥਾ ਦੇ ਬਿਆਨ ਮੁਤਾਬਕ ਓਪੀਡੀ ਸੇਵਾਵਾਂ ਸਹਿਤ ਗ਼ੈਰ ਜ਼ਰੂਰੀ ਸੇਵਾਵਾਂ ਸੋਮਵਾਰ ਸਵੇਰੇ ਛੇ ਵਜੇ ਤੋਂ ਮੰਗਲਵਾਰ ਸਵੇਰੇ ਛੇ ਵਜੇ ਤੱਕ 24 ਘੰਟੇ ਲਈ ਬੰਦ ਰਹਿਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਪੱਛਮੀ ਬੰਗਾਲ ਵਿਚ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ ਡਾਕਟਰਾਂ ਦਾ ਸੰਘਰਸ਼ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਸੰਘਰਸ਼ਸ਼ੀਲ ਜੂਨੀਅਰ ਡਾਕਟਰਾਂ ਨੇ ਆਪਣੇ ਰੁਖ਼ ਵਿਚ ਨਰਮੀ ਲਿਆਉਂਦਿਆਂ ਅੱਜ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਥਾਂ ਦਾ ਫ਼ੈਸਲਾ ਖ਼ੁਦ ਕਰ ਸਕਦੇ ਹਨ ਪਰ ਨਾਲ ਹੀ ਜ਼ੋਰ ਦਿੱਤਾ ਕਿ ਇਹ ਖੁੱਲ੍ਹੇ ਥਾਂ ਵਿਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬੈਨਰਜੀ ਨੇ ਉਨ੍ਹਾਂ ਨੂੰ ਬੰਦ ਕਮਰਾ ਮੀਟਿੰਗ ਦਾ ਸੱਦਾ ਦਿੱਤਾ ਸੀ ਜਿਸ ਨੂੰ ਠੁਕਰਾ ਦਿੱਤਾ ਗਿਆ ਸੀ। ਗਵਰਨਿੰਗ ਬਾਡੀ ਦੀ ਮੀਟਿੰਗ ਤੋਂ ਬਾਅਦ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੂਨੀਅਰ ਡਾਕਟਰਾਂ ਦੇ ਬੁਲਾਰੇ ਨੇ ਕਿਹਾ ਕਿ ਉਹ ਵੀ ਖੜੋਤ ਤੋੜ ਕੇ ਗੱਲਬਾਤ ਕਰਨਾ ਚਾਹੁੰਦੇ ਹਨ। ਸਰਕਾਰ ਜਗ੍ਹਾ ਮਿੱਥ ਸਕਦੀ ਹੈ ਪਰ ਮੀਟਿੰਗ ਬੰਦ ਕਮਰਾ ਨਹੀਂ ਖੁੱਲ੍ਹੇ ਵਿਚ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਥਾਂ ਐਨੀ ਖੁੱਲ੍ਹੀ ਹੋਵੇ ਕਿ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੇ ਨੁਮਾਇੰਦੇ ਸ਼ਾਮਲ ਹੋ ਸਕਣ। ਇਸ ਤੋਂ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਲਈ ਰਾਜ਼ੀ ਹਨ ਪਰ ਗੱਲਬਾਤ ਵਾਲੀ ਥਾਂ ਦਾ ਫ਼ੈਸਲਾ ਮੈਡੀਕਲ ਮਾਹਿਰਾਂ ਦੀ ਗਵਰਨਿੰਗ ਬਾਡੀ ਕਰੇਗੀ। ਬੈਨਰਜੀ ਨੂੰ ਕੋਲਕਾਤਾ ਦੇ ਐਨਆਰਐੱਸ ਮੈਡੀਕਲ ਕਾਲਜ ਤੇ ਹਸਪਤਾਲ ਜੋ ਕਿ ਸੰਘਰਸ਼ ਦਾ ਕੇਂਦਰ ਹੈ, ਵਿਚ ਸੱਦਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਸੀ। ਜਦਕਿ ਮਗਰੋਂ ਕੀਤੀ ਗਈ ਮੀਟਿੰਗ ਵਿਚ ਸਰਕਾਰ ਵੱਲੋਂ ਦਿੱਤਾ ਸਕੱਤਰੇਤ ’ਚ ਗੱਲਬਾਤ ਕਰਨ ਦਾ ਸੱਦਾ ਠੁਕਰਾ ਦਿੱਤਾ ਗਿਆ ਤੇ ਮੁੜ ਮੀਟਿੰਗ ਦੀ ਜਗ੍ਹਾ ਮਿੱਥਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਕ ਦਿਨ ਪਹਿਲਾਂ ਰਾਜਾਂ ਨੂੰ ਡਾਕਟਰਾਂ ਤੇ ਮੈਡੀਕਲ ਪੇਸ਼ੇਵਰਾਂ ਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਲਾਗੂ ਕਰਨ ’ਤੇ ਵਿਚਾਰ ਕਰਨ ਲਈ ਕਿਹਾ ਸੀ। ਸੰਸਥਾ ਡਾਕਟਰਾਂ ਤੇ ਸਿਹਤਕਰਮੀਆਂ ਉੱਤੇ ਅਤੇ ਹਸਪਤਾਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਨਜਿੱਠਣ ਲਈ ਵਿਆਪਕ ਕਾਨੂੰਨ ਦੀ ਮੰਗ ਕਰ ਰਹੀ ਹੈ। ਆਈਐਮਏ ਮੁਤਾਬਕ ਹਿੰਸਾ ਦੇ ਦੋਸ਼ੀਆਂ ਲਈ ਕਰੜੀ ਸਜ਼ਾ ਤੈਅ ਕੀਤੀ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here