ਟੱਲੇਵਾਲ-ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਇਸ ਵਾਰ ਮੁੜ ਕਿਸਾਨਾਂ ਨੂੰ ਆਪਣੀ ਫ਼ਸਲ ਤਬਾਹ ਹੋਣ ਦਾ ਡਰ ਸਤਾ ਰਿਹਾ ਹੈ। ਹਰ ਵਰ੍ਹੇ ਇਨ੍ਹਾਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਮੀਂਹ ਦੇ ਪਾਣੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ। ਮੌਨਸੂਨ ਸਿਰ ’ਤੇ ਹੋਣ ਕਾਰਨ ਡਰੇਨਾਂ ਦੀ ਸਫ਼ਾਈ ਦਾ ਕੰਮ ਨੇਪਰੇ ਨਹੀਂ ਚੜਿ੍ਹਆ। ਇਨ੍ਹਾਂ ਕੁਝ ਥਾਂਵਾਂ ’ਤੇ ਡਰੇਨਾਂ ਦੀ ਸਫ਼ਾਈ ਹੋਈ ਨੂੰ ਕਰੀਬ 5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਰਾਮਗੜ੍ਹ ਪਿੰਡ ਤੋਂ ਸ਼ੁਰੂ ਹੁੰਦੀ ਡਰੇਨ ਵਿਧਾਤਾ ਵਿੱਚ ਦੀ ਹੁੰਦੀ ਹੋਈ ਅੱਗੇ ਬਠਿੰਡਾ ਜ਼ਿਲ੍ਹੇ ‘ਚ ਜਾਂਦੀ ਹੈ।
ਵਿਧਾਤਾ ਦੇ ਕਿਸਾਨ ਜਗਰਾਜ ਸਿੰਘ, ਗੁਰਦੀਪ ਸਿੰਘ ਤੇ ਅੰਗਰੇਜ਼ ਸਿੰਘ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਇਸ ਡਰੇਨ ਦੀ ਇੱਕ ਵਾਰ ਵੀ ਸਫ਼ਾਈ ਨਹੀਂ ਹੋਈ ਜਿਸ ਕਰਕੇ ਹਰ ਵਰ੍ਹੇ ਉਨ੍ਹਾਂ ਦੇ ਪਿੰਡ ਦੀ 100 ਏਕੜ ਤੋਂ ਵੱਧ ਫ਼ਸਲ ਡਰੇਨ ਦੇ ਪਾਣੀ ਕਾਰਨ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ, ਪਰ ਕਿਸੇ ਨੇ ਕੋਈ ਨਹੀਂ ਸੁਣੀ। ਇਸੇ ਤਰ੍ਹਾਂ ਪਿੰਡ ਗਾਗੇਵਾਲ, ਸੱਦੋਵਾਲ ਅਤੇ ਛੀਨੀਵਾਲ ਖ਼ੁਰਦ ਵਿੱਚੋਂ ਲੰਘਦੀ ਡਰੇਨ ਨਾਜਾਇਜ਼ ਕਬਜ਼ਿਆਂ ਕਾਰਨ ਆਪਣਾ ਵਜੂਦ ਹੀ ਗਵਾ ਚੁੱਕੀ ਹੈ, ਜਿਸ ਵੱਲ ਕਦੇ ਪ੍ਰਸ਼ਾਸਨ ਜਾਂ ਸਬੰਧਤ ਵਿਭਾਗ ਦੀ ਸਵੱਲੀ ਨਿਗ੍ਹਾ ਹੀ ਨਹੀਂ ਵੱਜੀ। ਪਿਛਲੇ ਕਰੀਬ 30 ਸਾਲਾਂ ਤੋਂ ਇਨ੍ਹਾਂ ਪਿੰਡਾਂ ਦੇ ਲੋਕ ਇਸ ਡਰੇਨ ਕਾਰਨ ਆਪਣੀਆਂ ਫ਼ਸਲਾਂ ਦਾ ਨੁਕਸਾਨ ਝੱਲ ਰਹੇ ਹਨ।
ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਇਸ ਡਰੇਨ ਦਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਇਸ ਦੀ ਹੋਂਦ ਬਰਕਰਾਰ ਨਹੀਂ ਕੀਤੀ ਗਈ। ਡਰੇਨ ਦੀ ਅਣਹੋਂਦ ਕਾਰਨ ਲੁਧਿਆਣਾ ਜ਼ਿਲ੍ਹੇ ਵਾਲੀ ਸਾਈਡ ਤੋਂ ਮੀਂਹ ਦਾ ਪਾਣੀ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਦਾ ਹਰ ਵਰ੍ਹੇ ਨੁਕਸਾਨ ਕਰਦਾ ਹੈ। ਇਸੇ ਤਰ੍ਹਾਂ ਪਿੰਡ ਕੈਰੇ ਵਿੱਚ ਦੀ ਲੰਘਦੀ ਡਰੇਨ ਵੀ ਆਪਣਾ ਵਜੂਦ ਗਵਾਉਂਦੀ ਜਾ ਰਹੀ ਹੈ। ਇਸ ਡਰੇਨ ਦੀ ਹਾਲਤ ਦੱਸਦੀ ਹੈ ਕਿ ਇਸ ਦੀ ਸਫ਼ਾਈ ਨੂੰ ਵੀ ਕਈ ਸਾਲ ਬੀਤ ਚੁੱਕੇ ਹਨ।
ਇਨ੍ਹਾਂ ਡਰੇਨਾਂ ਦੀ ਸਫ਼ਾਈ ਸਬੰਧੀ ਪਿਛਲੇ ਵਰ੍ਹੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਾਮਲਾ ਉਠਾਇਆ ਸੀ ਅਤੇ ਆਪਣੇ ਨਿੱਜੀ ਫ਼ੰਡ ਖ਼ਰਚ ਕੇ ਸਹਿਜੜਾ ਵਿੱਚ ਦੀ ਲੰਘਦੀ ਕੁਰੜ ਡਰੇਨ ਦੀ ਸਫ਼ਾਈ ਕਰਵਾਈ ਸੀ। ਇਹ ਡਰੇਨ ਵੀ ਹਰ ਵਰ੍ਹੇ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਬਣਦੀ ਆਈ ਹੈ।
ਵਿਧਾਇਕ ਪੰਡੋਰੀ ਨੇ ਕਿਹਾ ਕਿ ਨਰੇਗਾ ਸਕੀਮ ਤਹਿਤ ਪ੍ਰਸ਼ਾਸਨ ਇਨ੍ਹਾਂ ਡਰੇਨਾਂ ਦੀ ਸਮਾਂ ਰਹਿੰਦੇ ਸਫ਼ਾਈ ਕਰਵਾ ਸਕਦਾ ਹੈ, ਪਰ ਅਜਿਹਾ ਨਹੀਂ ਕੀਤਾ ਜਾਂਦਾ। ਇਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੁੜ ਇਹ ਮਾਮਲਾ ਉਹ ਵਿਧਾਨ ਸਭਾ ਵਿੱਚ ਉਠਾਉਣਗੇ। ਇਸ ਸਬੰਧੀ ਐਕਸੀਅਨ ਡਰੇਨ ਵਿਭਾਗ ਕੁਲਜੀਤ ਸਿੰਘ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 30 ਲੱਖ ਦੇ ਬਜਟ ਨਾਲ ਜ਼ਿਲ੍ਹੇ ਵਿਚਲੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here